ਨਿਊਜ਼ੀਲੈਂਡ ’ਚ ਪੰਜਾਬੀ ਮੂਲ ਦੇ ਬਾਰ ਮੈਨੇਜਰ ਨੂੰ ਮਾਇਗਰੈਂਟ ਵਰਕਰ ਦਾ ਸੋਸ਼ਣ ਕਰਨ ਦੇ ਜੁਰਮ ’ਚ ਭਾਰੀ ਜੁਰਮਾਨਾ

Sea7 Nz Team
3 Min Read

ਔਕਲੈਂਡ : ਨਿਊਜ਼ੀਲੈਂਡ ਦੀ Employment Relations Authority (ERA) ਨੇ ਰੁਜ਼ਗਾਰ ਕਾਨੂੰਨਾਂ ਦੀ ਉਲੰਘਣਾ ਅਤੇ ਸ਼ੋਸ਼ਣ ਦੇ ਇੱਕ ਅਹਿਮ ਮਾਮਲੇ ’ਚ ਸਖ਼ਤ ਫੈਸਲਾ ਸੁਣਾਉਂਦਿਆਂ ਇੱਕ ਬਾਰ ਮੈਨੇਜਰ ਨੂੰ ਪੀੜਤ ਵਰਕਰ ਦੇ ਸਾਰੇ ਬਕਾਏ ਆਪਣੀ ਜੇਬ ’ਚੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਥਾਰਟੀ ਦੇ ਮੈਂਬਰ Peter van Keulen ਨੇ ਦਲੇਰ ਸਿੰਘ ਨੂੰ ਹੁਕਮ ਦਿੱਤਾ ਹੈ ਕਿ ਉਹ ਪੀੜਤ ਕਰਮਚਾਰੀ ਗੁਰਪ੍ਰੀਤ ਸਿੰਘ ਨੂੰ ਕੁੱਲ 19,469.77 ਡਾਲਰ ਦੀ ਰਕਮ ਅਦਾ ਕਰੇ।

ਮਾਮਲੇ ਦੇ ਵੇਰਵਿਆਂ ਅਨੁਸਾਰ, ਗੁਰਪ੍ਰੀਤ ਸਿੰਘ ਨੇ ਅਗਸਤ ਤੋਂ ਸਤੰਬਰ 2023 ਤੱਕ IK Hospitality Limited ਦੇ ਅਧੀਨ ਚੱਲਣ ਵਾਲੇ Mad’z Drink ‘N’ Dine ਬਾਰ ’ਚ ਕੰਮ ਕੀਤਾ ਸੀ। ਕੰਪਨੀ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਅਤੇ ਉਸ ਦੇ ਭਰਾ ਤੇ ਬਾਰ ਮੈਨੇਜਰ ਦਲੇਰ ਸਿੰਘ ਨੇ ਗੁਰਪ੍ਰੀਤ ਸਿੰਘ ਦਾ Accredited Employer Work Visa ਟਰਾਂਸਫਰ ਕਰਵਾਉਣ ਦੇ ਬਦਲੇ ਉਸ ਤੋਂ ਗੈਰ-ਕਾਨੂੰਨੀ ਤੌਰ ’ਤੇ 12,000 ਡਾਲਰ (ਪ੍ਰੀਮੀਅਮ) ਵਸੂਲੇ ਸਨ। ਇਸ ਤੋਂ ਇਲਾਵਾ, ਦਲੇਰ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਸਿਰਫ਼ ਇੱਕ ‘ਵਲੰਟੀਅਰ’ ਦੱਸ ਕੇ ਉਸ ਦੇ ਕੰਮ ਦੇ ਘੰਟਿਆਂ ਦੀ ਤਨਖ਼ਾਹ ਰੋਕ ਲਈ ਸੀ।

ਅਕਤੂਬਰ 2025 ’ਚ ERA ਨੇ IK Hospitality Limited ਨੂੰ 7,469.77 ਡਾਲਰ ਸੈਲਰੀ ਦੇ ਬਕਾਏ ਅਤੇ 12,000 ਡਾਲਰ ਗੈਰ-ਕਾਨੂੰਨੀ ਪ੍ਰੀਮੀਅਮ ਵਾਪਸ ਕਰਨ ਦੇ ਹੁਕਮ ਦਿੱਤੇ ਸਨ। ਪਰ ਜਨਵਰੀ 2026 ’ਚ ਕੰਪਨੀ ਦੇ ਦੀਵਾਲੀਆ (liquidation) ਹੋਣ ਕਾਰਨ ਗੁਰਪ੍ਰੀਤ ਸਿੰਘ ਨੂੰ ਪੈਸੇ ਨਹੀਂ ਮਿਲੇ।

ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਆਪਣੇ ਵਕੀਲ Jason Archer ਰਾਹੀਂ ਦਲੇਰ ਸਿੰਘ ਖਿਲਾਫ਼ ਨਿੱਜੀ ਤੌਰ ‘ਤੇ ਕੇਸ ਦਾਇਰ ਕੀਤਾ। ਜਾਂਚ ’ਚ ਸਾਬਤ ਹੋਇਆ ਕਿ ਦਲੇਰ ਸਿੰਘ ਬਾਰ ਦੇ ਰੋਜ਼ਾਨਾ ਕੰਮਕਾਜ ਅਤੇ ਸਟਾਫ਼ ਦੇ ਫੈਸਲਿਆਂ ’ਚ ਮੁੱਖ ਭੂਮਿਕਾ ਨਿਭਾਉਂਦਾ ਸੀ ਅਤੇ ਇਸ ਧੋਖਾਧੜੀ ’ਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਇਸ ਲਈ ERA ਨੇ ਹੁਣ ਦਲੇਰ ਸਿੰਘ ਨੂੰ ਨਿੱਜੀ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਹ ਪੂਰੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਦੂਜੇ ਪਾਸੇ, ਮਨਪ੍ਰੀਤ ਸਿੰਘ ਨੇ ਆਪਣੇ ਲਿਖਤੀ ਜਵਾਬ ’ਚ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਸਿਰਫ਼ ਇਨਸਾਨੀਅਤ ਦੇ ਨਾਤੇ ਗੁਰਪ੍ਰੀਤ ਸਿੰਘ ਦੀ ਆਪਣੇ ਦੋਸਤ ਪਵਨੀਤ ਨਾਗਰਾ ਦੇ ਲਿਕਰ ਸਟੋਰ ’ਚ ਨੌਕਰੀ ਅਤੇ ਵੀਜ਼ੇ ਲਈ ਮਦਦ ਕਰਵਾਈ ਸੀ ਅਤੇ ਬਾਅਦ ’ਚ ਆਰਥਿਕ ਤੰਗੀ ਵੇਲੇ ਉਸ ਦਾ ਕਿਰਾਇਆ ਵੀ ਦਿੱਤਾ ਸੀ। ਮਨਪ੍ਰੀਤ ਸਿੰਘ ਨੇ 12,000 ਡਾਲਰ ਲੈਣ ਜਾਂ ਗੁਰਪ੍ਰੀਤ ਸਿੰਘ ਨੂੰ ਨੌਕਰੀ ‘ਤੇ ਰੱਖਣ ਤੋਂ ਸਾਫ਼ ਇਨਕਾਰ ਕਰਦਿਆਂ ਸ਼ਲਿੰਦਰ ਸਿੋੰਘ ਦੀ ਗਵਾਹੀ ਨੂੰ ਪੁਰਾਣੀ ਰੰਜਿਸ਼ ਦੱਸਿਆ ਅਤੇ ਗੁਰਪ੍ਰੀਤ ਸਿੰਘ ਦੇ ਪਰਿਵਾਰ ‘ਤੇ ਧਮਕੀਆਂ ਦੇਣ ਦੇ ਇਲਜ਼ਾਮ ਵੀ ਲਗਾਏ।

Share This Article
Leave a Comment

Leave a Reply

Your email address will not be published. Required fields are marked *