ਔਕਲੈਂਡ : New Zealand ’ਚ 7 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਵਾਰ ਦੀਆਂ ਚੋਣਾਂ ’ਚ ਵਧਦੀ ਮਹਿੰਗਾਈ, ਰਿਹਾਇਸ਼ ਦੀ ਘਾਟ, ਰੁਜ਼ਗਾਰ, ਜਨਤਕ ਸੇਵਾਵਾਂ ਅਤੇ ਵਿਦੇਸ਼ ਨੀਤੀ ਮੁੱਖ ਮੁੱਦੇ ਬਣੇ ਹੋਏ ਹਨ। ਮੁੱਖ ਮੁਕਾਬਲਾ ਪ੍ਰਧਾਨ ਮੰਤਰੀ Christopher Luxon ਦੀ National Party ਅਤੇ Chris Hipkins ਦੀ Labour Party ਵਿਚਕਾਰ ਹੈ, ਪਰ New Zealand ਦੀ ਚੋਣ ਪ੍ਰਣਾਲੀ ਤਹਿਤ ਛੋਟੀਆਂ ਪਾਰਟੀਆਂ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ
ਪੰਜਾਬੀ ਭਾਈਚਾਰੇ ਅਤੇ ਪ੍ਰਵਾਸੀਆਂ ਲਈ ਇਮੀਗ੍ਰੇਸ਼ਨ ਸਭ ਤੋਂ ਵੱਡਾ ਮੁੱਦਾ ਹੈ। New Zealand First ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਡਿਫੌਲਟ ਵਰਕ ਰਾਈਟਸ (work rights) ਖਤਮ ਕਰਨ, ਨਵੇਂ ਵੀਜ਼ੇ ਲਈ ਦੇਸ਼ ਛੱਡਣ ਦੀ ਸ਼ਰਤ ਅਤੇ ਜਨਮ ਅਧਾਰਤ ਨਾਗਰਿਕਤਾ ਸਿਰਫ਼ ਨਾਗਰਿਕਾਂ ਦੇ ਬੱਚਿਆਂ ਤੱਕ ਸੀਮਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ACT ਪਾਰਟੀ ਨੇ ਕਾਮਿਆਂ ਲਈ ਅੰਗਰੇਜ਼ੀ ਭਾਸ਼ਾ ਦੀ ਲਾਜ਼ਮੀ ਸ਼ਰਤ, Temporary Work Visa ‘ਤੇ $6 ਪ੍ਰਤੀ ਦਿਨ ਸਰਚਾਰਜ ਅਤੇ ਨਵੇਂ Rural Workforce Visa ਦੀ ਮੰਗ ਕੀਤੀ ਹੈ। ਦੂਜੇ ਪਾਸੇ, Greens ਨੇ ਲੰਬੇ ਸਮੇਂ ਤੋਂ ਵਸੇ ਪ੍ਰਵਾਸੀਆਂ (ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਹਨ) ਲਈ ਪੱਕੇ ਹੋਣ (PR) ਦੇ ਰਸਤੇ ਖੋਲ੍ਹਣ ਅਤੇ ਪਰਿਵਾਰਕ ਵੀਜ਼ਿਆਂ ਦਾ ਬੈਕਲੌਗ ਜਲਦੀ ਖਤਮ ਕਰਨ ਦਾ ਵਾਅਦਾ ਕੀਤਾ ਹੈ।
ਮਹਿੰਗਾਈ ਅਤੇ ਰਹਿਣ-ਸਹਿਣ ਦਾ ਖਰਚਾ
ਦੇਸ਼ ’ਚ ਮਹਿੰਗਾਈ ਦਰ 3.7% ਹੈ ਅਤੇ ਬੇਰੁਜ਼ਗਾਰੀ 2015 ਤੋਂ ਬਾਅਦ ਸਭ ਤੋਂ ਉੱਚੇ ਪੱਧਰ ‘ਤੇ ਹੈ। National Party ਨੇ ਟੈਕਸ ਘਟਾਉਣ, ਸਸਤੀ ਊਰਜਾ ਅਤੇ ਕਾਰੋਬਾਰੀ ਨਿਯਮਾਂ ਨੂੰ ਸਰਲ ਬਣਾਉਣ ਦਾ ਵਾਅਦਾ ਕੀਤਾ ਹੈ। ਦੂਜੇ ਪਾਸੇ, Labour Party ਸਿਹਤ ਸੇਵਾਵਾਂ, ਜਨਤਕ ਆਵਾਜਾਈ ਅਤੇ ਤੇਲ ਦੀਆਂ ਕੀਮਤਾਂ ਘਟਾਉਣ ਦੇ ਪੱਖ ’ਚ ਹੈ। Greens ਨੇ ਘੱਟ ਆਮਦਨ ਵਾਲਿਆਂ ‘ਤੇ ਟੈਕਸ ਘਟਾਉਣ ਅਤੇ ਅਮੀਰਾਂ ਤੇ ਵੱਡੀਆਂ ਕੰਪਨੀਆਂ ‘ਤੇ ਟੈਕਸ ਵਧਾਉਣ ਦੀ ਗੱਲ ਕਹੀ ਹੈ, ਜਦਕਿ ACT ਪਾਰਟੀ ਛੋਟੀ ਸਰਕਾਰ ਅਤੇ New Zealand First ਬਿਜਲੀ ਤੇ ਸੁਪਰਮਾਰਕੀਟ ਕੀਮਤਾਂ ‘ਤੇ ਧਿਆਨ ਦੇ ਰਹੀ ਹੈ।
ਰਿਹਾਇਸ਼ ਅਤੇ ਬੁਨਿਆਦੀ ਢਾਂਚਾ
National Party ਨਵੇਂ ਘਰਾਂ ਦੀ ਉਸਾਰੀ ਲਈ ਨਿਯਮਾਂ ’ਚ ਢਿੱਲ ਦੇਣਾ ਚਾਹੁੰਦੀ ਹੈ, ਜਦਕਿ Labour ਅਤੇ Greens ਸਰਕਾਰੀ ਰਿਹਾਇਸ਼ ਅਤੇ ਕਿਰਾਏਦਾਰਾਂ ਦੀ ਸੁਰੱਖਿਆ ਵਧਾਉਣ ਦੇ ਹੱਕ ’ਚ ਹਨ। Te Pati Maori ਨੇ ਮੂਲ ਨਿਵਾਸੀਆਂ ਲਈ ਰਿਹਾਇਸ਼, ਸਿਹਤ ਅਤੇ ਸਿੱਖਿਆ ਨੂੰ ਆਪਣਾ ਮੁੱਖ ਏਜੰਡਾ ਬਣਾਇਆ ਹੈ।
ਵਿਦੇਸ਼ ਨੀਤੀ, ਜਲਵਾਯੂ ਅਤੇ AI
China ਨਾਲ ਵਪਾਰਕ ਸਬੰਧਾਂ ਅਤੇ Australia ਤੇ United States ਨਾਲ ਸੁਰੱਖਿਆ ਸਾਂਝ ਵਿਚਕਾਰ ਸੰਤੁਲਨ ਬਣਾਉਣਾ ਇੱਕ ਵੱਡੀ ਚੁਣੌਤੀ ਹੈ। ਜਲਵਾਯੂ ਪਰਿਵਰਤਨ ਦੇ ਮੁੱਦੇ ‘ਤੇ Labour, Opportunity ਅਤੇ Greens ਜਨਤਕ ਆਵਾਜਾਈ ਅਤੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ, AI ਅਤੇ ਸੋਸ਼ਲ ਮੀਡੀਆ ਦੇ ਖਤਰਿਆਂ ਨੂੰ ਰੋਕਣ ਲਈ Labour ਅਤੇ Greens ਸਖ਼ਤ ਨਿਯਮਾਂ ਦੀ ਮੰਗ ਕਰ ਰਹੇ ਹਨ, ਜਦਕਿ National Party ਡਿਜੀਟਲ ਨਿਵੇਸ਼ ਅਤੇ ACT ਡੀਪਫੇਕ ਵਿਰੁੱਧ ਕਾਰਵਾਈ ਦੇ ਪੱਖ ’ਚ ਹੈ।
