ਔਕਲੈਂਡ : Christchurch ’ਚ ਰਹਿੰਦੇ ਭਾਰਤੀ ਮੂਲ ਦੇ ਨਾਗਰਿਕ ਖੁਸ਼ਹਾਲ ਭਾਟੀਆ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ New Zealand ਦੇ Associate Immigration Minister Cameron Brewer ਨੇ ਉਨ੍ਹਾਂ ਦੀ 77 ਸਾਲ ਦੀ ਬਿਮਾਰ ਮਾਂ ਸੀਤਾ ਦੇਵੀ ਦੇ ਮਾਮਲੇ ’ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਪਿਛਲੇ ਸੱਤ ਸਾਲਾਂ ਤੋਂ ਆਪਣੀ ਮਾਂ ਨੂੰ ਆਪਣੇ ਕੋਲ ਰੱਖਣ ਲਈ ਕਾਨੂੰਨੀ ਲੜਾਈ ਲੜ ਰਹੇ ਖੁਸ਼ਹਾਲ ਭਾਟੀਆ ਨੇ ਇਸ ਫੈਸਲੇ ਨੂੰ ਬੇਹੱਦ ਅਣਮਨੁੱਖੀ ਦੱਸਿਆ ਹੈ।
ਸੀਤਾ ਦੇਵੀ ਆਪਣੇ ਵੱਡੇ ਪੁੱਤਰ ਦੀ ਮੌਤ ਤੋਂ ਬਾਅਦ 2019 ਤੋਂ ਵਿਜ਼ਟਰ ਵੀਜ਼ੇ ’ਤੇ New Zealand ’ਚ ਆਪਣੇ ਬੱਚਿਆਂ ਕੋਲ ਰਹਿ ਰਹੇ ਹਨ। ਉਨ੍ਹਾਂ ਦਾ ਪੁੱਤਰ ਖੁਸ਼ਹਾਲ ਭਾਟੀਆ ਇੱਕ ਮਲਟੀਮੀਡੀਆ ਗ੍ਰਾਫਿਕ ਡਿਜ਼ਾਈਨਰ ਹੈ ਅਤੇ ਧੀ Auckland ’ਚ ਬਾਇਓਟੈਕਨਾਲੋਜੀ ਵਿਗਿਆਨੀ ਹੈ। ਸੀਤਾ ਦੇਵੀ ਇਸ ਸਮੇਂ ਸਟੇਜ-5 ਕਿਡਨੀ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਦੇ ਡਾਕਟਰਾਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜ਼ਿੰਦਗੀ ਦੇ ਇਸ ਆਖਰੀ ਪੜਾਅ ’ਤੇ ਉਨ੍ਹਾਂ ਨੂੰ India ਵਾਪਸ ਭੇਜਣਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਉੱਥੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਬਚਿਆ ਹੈ।
ਇਮੀਗ੍ਰੇਸ਼ਨ ਨਿਯਮਾਂ ਅਨੁਸਾਰ ਬਿਮਾਰ ਵਿਅਕਤੀ ਦੇਸ਼ ਦੇ ਸਿਹਤ ਸਿਸਟਮ ’ਤੇ ਬੋਝ ਬਣ ਸਕਦੇ ਹਨ, ਪਰ ਖੁਸ਼ਹਾਲ ਭਾਟੀਆ ਦਾ ਕਹਿਣਾ ਹੈ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਆਪਣੀ ਮਾਂ ਦਾ ਸਾਰਾ ਮੈਡੀਕਲ ਖਰਚਾ ਖੁਦ ਚੁੱਕ ਰਹੇ ਹਨ। ਦੂਜੇ ਪਾਸੇ, ਪੇਰੈਂਟ ਰੈਜ਼ੀਡੈਂਟ ਵੀਜ਼ਾ ਮਿਲਣ ਦੀ ਉਮੀਦ ਵੀ ਮਈ 2029 ਤੋਂ ਪਹਿਲਾਂ ਨਹੀਂ ਹੈ।
Labour MP Megan Woods ਨੇ ਮੰਤਰੀ Cameron Brewer ਦੇ ਇਸ ਫੈਸਲੇ ਨੂੰ ‘ਬਿਲਕੁਲ ਬੇਰਹਿਮ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਹਮੇਸ਼ਾ ਕਾਨੂੰਨ ਦੀ ਪਾਲਣਾ ਕੀਤੀ ਹੈ ਅਤੇ ਅਜਿਹੇ ਸੰਵੇਦਨਸ਼ੀਲ ਮਾਮਲਿਆਂ ’ਚ ਮੰਤਰੀ ਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ। ਫਿਲਹਾਲ, Cameron Brewer ਨੇ ਨਿੱਜਤਾ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
