ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼, 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

Sea7 Nz Team
2 Min Read

ਮੈਲਬਰਨ : ਭਾਰਤ ਦੇ ਸਟੇਟ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ’ਚ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ ਜਿਸ ਕਾਰਨ 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ ਅਜੇ ਤਕ ਸਰਕਾਰ ਨੇ ਮੌਤਾਂ ਦੇ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਜਹਾਜ਼ ’ਚ 1.25 ਲੱਖ ਲਿਟਰ ਫ਼ਿਊਲ ਸੀ, ਜਿਸ ਦੇ ਬਲਣ ਦਾ ਤਾਪਮਾਨ ਏਨਾ ਜ਼ਿਆਦਾ ਸੀ ਕਿ ਅਸੀਂ ਕਿਸੇ ਨੂੰ ਬਚਾ ਨਹੀਂ ਸਕੇ। ਮੌਤਾਂ ਦੀ ਸਹੀ ਗਿਣਤੀ DNA ਜਾਂਚ ਅਤੇ ਪੀੜਤਾਂ ਦੀ ਪਛਾਣ ਤੋਂ ਬਾਅਦ ਹੀ ਐਲਾਨੀ ਜਾਵੇਗੀ।’’ Air India ਦੇ Boeing 787-8 Dreamliner ਜਹਾਜ਼ ਨੰਬਰ AI171 ’ਤੇ 242 ਲੋਕ ਸਵਾਰ ਸਨ। ਜਹਾਜ਼ ਵੀਰਵਾਰ ਦੁਪਹਿਰ 1:39 ਵਜੇ ਉਡਾਨ ਭਰਨ ਤੋਂ ਪੰਜ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਅਤੇ ਡਾਕਟਰਾਂ ਦੇ ਹੋਸਟਲ ’ਤੇ ਡਿੱਗਾ, ਜਿਸ ਕਾਰਨ ਕਈ ਹੋਰਾਂ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈ। ਕਰੈਸ਼ ਹੋਣ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ, ਬਲੈਕ ਬਾਕਸ ਮਿਲਣ ਤੋਂ ਬਾਅਦ ਹੀ ਅਸਲ ਕਾਰਨ ਪਤਾ ਲੱਗ ਸਕੇਗਾ।

ਜਹਾਜ਼ ’ਤੇ ਸਵਾਰ ਲੋਕਾਂ ’ਚੋਂ ਸਿਰਫ਼ ਇੱਕ ਜ਼ਿੰਦਾ ਬਚ ਸਕਿਆ
ਇਸ ਭਿਆਨਕ ਹਾਦਸੇ ’ਚ ਜਹਾਜ਼ ’ਤੇ ਸਵਾਰ ਲੋਕਾਂ ’ਚੋਂ ਸਿਰਫ਼ ਇੱਕ ਹੀ ਜ਼ਿੰਦਾ ਬਚ ਸਕਿਆ। ਬ੍ਰਿਟਿਸ਼ ਨਾਗਰਿਕ ਵਿਸ਼ਵਾਸਕੁਮਾਰ ਰਮੇਸ਼ ਨੇ ਐਮਰਜੈਂਸੀ ਦਰਵਾਜ਼ੇ ਤੋਂ ਛਾਲ ਮਾਰ ਕੇ ਜਾਨ ਬਚਾਈ। ਹਾਲਾਂਕਿ ਜਹਾਜ਼ ਅੰਦਰ ਹੀ ਉਸ ਤੋਂ ਥੋੜ੍ਹੀ ਦੂਰ ਬੈਠਾ ਭਰਾ ਨਹੀਂ ਬਚ ਸਕਿਆ। ਦੋਵੇਂ ਭਾਰਤ ’ਚ ਆਪਣੇ ਪਰਿਵਾਰ ਨੂੰ ਮਿਲਣ ਮਗਰੋਂ ਲੰਡਨ ਜਾ ਰਹੇ ਸਨ। ਵਿਸ਼ਵਾਸਕੁਮਾਰ ਨੇ ਦੱਸਿਆ ਕਿ ਉਸ ਨੇ ਜਹਾਜ਼ ਦੇ ਉਡਣ ਤੋਂ ਤੁਰੰਤ ਬਾਅਦ ਇਹ ਹੇਠਾਂ ਆਉਣ ਲੱਗਾ ਅਤੇ ਇਕਦਮ ਦੋ ਟੁਕੜਿਆਂ ’ਚ ਟੁੱਟ ਗਿਆ।

ਕੁੱਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਉਤਰਿਆ ਸੀ ਜਹਾਜ਼
ਜ਼ਿਕਰਯੋਗ ਹੈ ਕਿ ਇਹ ਜਹਾਜ਼ ਕੁੱਝ ਦਿਨ ਪਹਿਲਾਂ ਹੀ ਆਸਟ੍ਰੇਲੀਆ ’ਚ ਵੀ ਉਤਰਿਆ ਸੀ। 8 ਜੂਨ ਨੂੰ ਜਹਾਜ਼ ਦਿੱਲੀ ਤੋਂ 11.5 ਘੰਟੇ ਦੀ ਉਡਾਨ ਤੋਂ ਬਾਅਦ ਮੈਲਬਰਨ ਹਵਾਈ ਅੱਡੇ ’ਤੇ ਉਤਰਿਆ ਸੀ। ਇਸੇ ਦਿਨ ਇਹ ਦਿੱਲੀ ਲਈ ਵਾਪਸ ਚਲਾ ਗਿਆ ਸੀ। ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਪੈਰਿਸ ਅਤੇ ਟੋਕੀਓ ਵੀ ਗਿਆ ਸੀ।

TAGGED:
Share This Article