ਆਸਟ੍ਰੇਲੀਆ ’ਚ ਪਾਕਿਸਤਾਨੀ ਹਾਕੀ ਟੀਮ ਸੜਕ ’ਤੇ ਬੈਠਣ ਲਈ ਹੋਈ ਮਜਬੂਰ, ਹੋਟਲ ਦਾ ਬਿਲ ਦੇਣ ਲਈ ਵੀ ਨਹੀਂ ਮਿਲੇ ਪੈਸੇ

Sea7 Nz Team
2 Min Read

ਮੈਲਬਰਨ : ਪਾਕਿਸਤਾਨ ਵਿੱਚ ਦੇਸ਼ ਦੀ ਕੌਮੀ ਖੇਡ ਹਾਕੀ ਦੀ ਮੰਦਹਾਲੀ ਅਤੇ ਪ੍ਰਬੰਧਕੀ ਨਾਕਾਮੀ ਕਿਸ ਹੱਦ ਤਕ ਡਿੱਗ ਚੁੱਕੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਆਸਟ੍ਰੇਲੀਆ ਵਿੱਚ FIH ਪ੍ਰੋ ਲੀਗ ਮੈਚ ਖੇਡਣ ਆਈ ਪਾਕਿਸਤਾਨ ਦੀ ਹਾਕੀ ਟੀਮ ਨੂੰ ਵੱਡੀ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ। ਟੀਮ FIH ਪ੍ਰੋ ਲੀਗ ਦੇ ਦੂਜੇ ਪੜਾਅ ਦੇ ਮੈਚ ਖੇਡਣ ਲਈ ਪਹੁੰਚੀ ਸੀ, ਪਰ ਕੈਨਬਰਾ ਵਿੱਚ ਉਨ੍ਹਾਂ ਦੀ ਹੋਟਲ ਬੁਕਿੰਗ ਰੱਦ ਹੋ ਗਈ। ਕਾਰਨ ਸੀ – ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਕੋਲ ਪੈਸਿਆਂ ਦੀ ਘਾਟ, ਜਿਸ ਕਰਕੇ ਹੋਟਲ ਦਾ ਬਿੱਲ ਅਦਾ ਨਾ ਹੋ ਸਕਿਆ। ਇਸ ਕਾਰਨ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਕਈ ਘੰਟਿਆਂ ਤੱਕ ਸੜਕ ’ਤੇ ਬੈਠਣਾ ਪਿਆ।

ਟੀਮ ਦੇ ਮੁੱਖ ਕੋਚ ਤਾਹਿਰ ਜ਼ਮਾਨ ਨੇ ਦੱਸਿਆ ਕਿ ਲਾਹੌਰ ਤੋਂ ਲੰਬੇ ਸਫ਼ਰ ਤੋਂ ਬਾਅਦ ਖਿਡਾਰੀਆਂ ਕੋਲ ਆਰਾਮ ਕਰਨ ਲਈ ਕੋਈ ਥਾਂ ਨਹੀਂ ਸੀ। ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਹੋਟਲ ਪ੍ਰਬੰਧਨ ਨੇ ਕੁਝ ਕਮਰੇ ਦਿੱਤੇ, ਪਰ ਕਮਰੇ ਘੱਟ ਹੋਣ ਕਰਕੇ ਦੋ-ਤਿੰਨ ਖਿਡਾਰੀ ਇੱਕੋ ਕਮਰੇ ਵਿੱਚ ਰਹੇ। ਅਗਲੇ ਦਿਨ ਟੀਮ ਨੇ ਮੈਚ ਖੇਡਿਆ ਅਤੇ ਆਸਟ੍ਰੇਲੀਆ ਤੋਂ 2-3 ਨਾਲ ਹਾਰ ਗਈ। ਸਥਾਨਕ ਪਾਕਿਸਤਾਨੀ ਸਮੁਦਾਇ ਨੇ ਕੁਝ ਮਦਦ ਕੀਤੀ, ਪਰ ਟੀਮ ਹੁਣ ਤੱਕ ਪ੍ਰੋ ਲੀਗ ਦੇ ਸਾਰੇ ਛੇ ਮੈਚ ਹਾਰ ਚੁੱਕੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨੀ ਟੀਮ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਰਜਨਟੀਨਾ ਵਿੱਚ ਵੀ ਪ੍ਰੋ ਲੀਗ ਦੇ ਪਹਿਲੇ ਪੜਾਅ ਦੌਰਾਨ ਵੀ ਖਿਡਾਰੀਆਂ ਨੂੰ ਭੱਤਾ ਨਹੀਂ ਮਿਲਿਆ ਸੀ। ਇਸ ਵਾਰ ਟੀਮ ਬਿਨਾ ਮੈਨੇਜਰ ਦੇ ਗਈ ਕਿਉਂਕਿ ਪਿਛਲੇ ਮੈਨੇਜਰ ਨੂੰ ਅਨੁਸ਼ਾਸਨਹੀਨਤਾ ਕਾਰਨ ਹਟਾ ਦਿੱਤਾ ਗਿਆ ਸੀ।

TAGGED:
Share This Article