ਔਕਲੈਂਡ : ਵਿਦੇਸ਼ ਜਾਣ ਵਾਲੇ ਯਾਤਰੀਆਂ ਅਤੇ ਦੇਸ਼ ’ਚ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਹੁਣ ਆਪਣੇ ਫ਼ੋਨ ‘ਤੇ ਇੰਟਰਨੈੱਟ ਅਤੇ ਕਾਲਿੰਗ ਨਾਲ ਜੁੜੇ ਰਹਿਣ ਲਈ ਇੱਕ ਨਵਾਂ ਵਿਕਲਪ ਮਿਲੇਗਾ। Air New Zealand ਨੇ ਦੂਰਸੰਚਾਰ ਕੰਪਨੀ One NZ ਨਾਲ ਸਾਂਝੇਦਾਰੀ ਕਰਕੇ ‘Air New Zealand Mobile’ ਲਾਂਚ ਕੀਤਾ ਹੈ।
12 ਨਵੰਬਰ ਤੋਂ ਸ਼ੁਰੂ ਹੋਈ ਇਸ ਸੇਵਾ ਤਹਿਤ ਅੰਤਰਰਾਸ਼ਟਰੀ ਸੈਲਾਨੀਆਂ ਅਤੇ ਵਿਦੇਸ਼ ਜਾਣ ਵਾਲੇ Kiwis ਲਈ ਟਰੈਵਲ eSIM ਪਲਾਨ ਪੇਸ਼ ਕੀਤੇ ਗਏ ਹਨ। ਇਸ ਦੇ ਨਾਲ ਹੀ ਘਰੇਲੂ ਵਰਤੋਂ ਲਈ ਮਹੀਨਾਵਾਰ ਪ੍ਰੀਪੇਡ ਮੋਬਾਈਲ ਪਲਾਨ ਵੀ ਉਪਲਬਧ ਕਰਵਾਇਆ ਗਿਆ ਹੈ, ਜਿਸ ’ਚ ਡਾਟਾ, ਕਾਲਿੰਗ ਅਤੇ ਟੈਕਸਟ ਮੈਸੇਜ ਇੱਕੋ ਪੈਕੇਜ ’ਚ ਮਿਲਣਗੇ। ਕਿਸੇ ਵੀ ਮੋਬਾਈਲ ਨੈੱਟਵਰਕ ਦੇ ਗਾਹਕ ਇਹਨਾਂ ਟਰੈਵਲ eSIM ਪੈਕੇਜਾਂ ਦੀ ਵਰਤੋਂ ਕਰ ਸਕਦੇ ਹਨ।
ਏਅਰਲਾਈਨ ਦੇ ਚੀਫ਼ ਕਸਟਮਰ ਅਤੇ ਡਿਜੀਟਲ ਅਫ਼ਸਰ Jeremy O’Brien ਨੇ ਕਿਹਾ ਕਿ ਇਹ ਪਹਿਲਕਦਮੀ ਉਡਾਣਾਂ ਤੋਂ ਇਲਾਵਾ ਕਾਰੋਬਾਰ ਨੂੰ ਵਧਾਉਣ ਦਾ ਇੱਕ ਨਵਾਂ ਮੌਕਾ ਹੈ। ਉਹਨਾਂ ਕਿਹਾ ਕਿ ਲੋਕ ਸਾਲ ’ਚ ਕੁਝ ਵਾਰ ਹੀ ਉਹਨਾਂ ਨਾਲ ਹਵਾਈ ਸਫ਼ਰ ਕਰਦੇ ਹਨ, ਪਰ ਮੋਬਾਈਲ ਕਨੈਕਟੀਵਿਟੀ ਉਹਨਾਂ ਦੀ ਰੋਜ਼ਾਨਾ ਦੀ ਲੋੜ ਹੈ।
ਇਹ ਡਿਜੀਟਲ ਟਰੈਵਲ eSIM ਪਲਾਨ ਖਾਸ ਮੰਜ਼ਿਲਾਂ ਅਤੇ ਤਾਰੀਖਾਂ ਦੇ ਹਿਸਾਬ ਨਾਲ ਤਿਆਰ ਕੀਤੇ ਜਾ ਸਕਦੇ ਹਨ, ਜਿਸ ’ਚ ਟਰਾਂਜ਼ਿਟ ਸਟਾਪ ਵੀ ਸ਼ਾਮਲ ਹਨ। ਉਦਾਹਰਣ ਵਜੋਂ, Auckland ਤੋਂ Singapore ਰਾਹੀਂ London ਜਾਣ ਵਾਲੇ ਯਾਤਰੀ ਘਰੋਂ ਨਿਕਲਣ ਤੋਂ ਪਹਿਲਾਂ ਹੀ ਦੋਵਾਂ ਥਾਵਾਂ ਲਈ ਡਾਟਾ ਸੈੱਟਅੱਪ ਕਰ ਸਕਦੇ ਹਨ। ਯਾਤਰੀ 140 ਤੋਂ ਵੱਧ ਥਾਵਾਂ ‘ਤੇ ਨੈਵੀਗੇਸ਼ਨ, ਮੈਸੇਜਿੰਗ, ਵੈੱਬ ਐਪਸ ਅਤੇ ਵੀਡੀਓ ਕਾਲਿੰਗ ਲਈ ਡਾਟਾ ਵਰਤ ਸਕਣਗੇ।
One NZ ਦੇ ਚੀਫ਼ ਪ੍ਰੋਡਕਟ ਅਤੇ ਮਾਰਕੀਟਿੰਗ ਅਫ਼ਸਰ Joe Goddard ਨੇ ਕਿਹਾ ਕਿ 2030 ਤੱਕ ਟਰੈਵਲ eSIM ਦੇ ਵਿਸ਼ਵਵਿਆਪੀ ਮਾਲੀਏ ’ਚ ਲਗਭਗ ਪੰਜ ਗੁਣਾ ਵਾਧਾ ਹੋਣ ਦੀ ਉਮੀਦ ਹੈ ਅਤੇ ਇਹ ਸਾਂਝੇਦਾਰੀ ਦੋ ਵੱਡੇ ਬ੍ਰਾਂਡਾਂ ਨੂੰ ਇਕੱਠਾ ਕਰਦੀ ਹੈ। ਪਲਾਨ ਦੀਆਂ ਕੀਮਤਾਂ ਅਤੇ ਪੂਰੀ ਜਾਣਕਾਰੀ Air New Zealand Mobile ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਜਾਵੇਗੀ।
