ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਪਵੇਗੀ ਤਿੱਖੀ ਗਰਮੀ, ਵਿਕਟੋਰੀਆ ਵਾਸੀਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

Sea7 Nz Team
3 Min Read

ਮੈਲਬਰਨ : ਸਾਲ 2025 ਦੇ ਪਹਿਲੇ ਵੀਕਐਂਡ ਲਈ ਵਿਕਟੋਰੀਆ ਵਾਸੀਆਂ ਨੂੰ ਤਿੱਖੀ ਗਰਮੀ ਅਤੇ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ’ਤੇ ਅੱਗ ਲੱਗਣ ਦਾ ਖਤਰਾ ਵੀ ਹੈ, ਜਦਕਿ Grampians ਵਿਚ ਭਿਆਨਕ ਅੱਗ ਅਜੇ ਵੀ ਲੱਗੀ ਹੋਈ ਹੈ। ਅਗਲੇ ਦੋ ਦਿਨਾਂ ਤਕ ਵਿਕਟੋਰੀਆ ਦੇ ਲਗਭਗ ਸਾਰੇ ਇਲਾਕਿਆਂ ’ਚ ਘੱਟ ਤੀਬਰਤਾ ਵਾਲੀ ਲੂ ਚੱਲੇਗੀ ਅਤੇ ਮੈਲਬਰਨ ਸਮੇਤ ਕੁਝ ਇਲਾਕਿਆਂ ’ਚ ਸੋਮਵਾਰ ਨੂੰ ਮੀਂਹ ਤੋਂ ਪਹਿਲਾਂ ਵੀਕਐਂਡ ’ਚ ਭਿਆਨਕ ਲੂ ਚੱਲੇਗੀ।

ਸ਼ਨੀਵਾਰ ਨੂੰ ਸ਼ਹਿਰ ’ਚ ਤਾਪਮਾਨ 38 ਡਿਗਰੀ ਰਹਿਣ ਦਾ ਅਨੁਮਾਨ ਹੈ, ਜਦੋਂ ਕਿ ਐਤਵਾਰ ਨੂੰ ਇਹ 37 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਰਾਤ ਦਾ ਤਾਪਮਾਨ ਹੈ ਜੋ ਐਮਰਜੈਂਸੀ ਸੇਵਾਵਾਂ ਲਈ ਮਹੱਤਵਪੂਰਣ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਐਤਵਾਰ ਨੂੰ ਇਹ ਸਿਰਫ 24 ਡਿਗਰੀ ਤੱਕ ਹੀ ਡਿੱਗਣ ਦੀ ਉਮੀਦ ਹੈ। ਸ਼ਹਿਰ ਵਾਸੀਆਂ ਨੂੰ ਏਨੀ ਗਰਮੀ ਤੋਂ ਬਚਣ ਲਈ ਭਰਪੂਰ ਮਾਤਰਾ ’ਚ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਸੋਮਵਾਰ ਨੂੰ ਮੀਂਹ ਪਵੇਗਾ।

ਸ਼ਨੀਵਾਰ ਨੂੰ Wimmera ਇਲਾਕੇ ਵਿਚ ਅੱਗ ਲੱਗਣ ਦੇ ਖਤਰੇ ਦੀ ਸਥਿਤੀ ਬਣੀ ਹੋਈ ਹੈ, ਜਿਸ ਵਿਚ Grampians National Park ਵੀ ਸ਼ਾਮਲ ਹੈ, ਜਿੱਥੇ ਜੰਗਲ ਦੀ ਅੱਗ ਨੇ 76,000 ਹੈਕਟੇਅਰ ਜ਼ਮੀਨ ਨੂੰ ਸਾੜ ਦਿੱਤਾ ਅਤੇ ਕਈ ਘਰਾਂ ਸਮੇਤ ਪਾਰਕ ਦਾ 40 ਪ੍ਰਤੀਸ਼ਤ ਹਿੱਸਾ ਤਬਾਹ ਕਰ ਦਿੱਤਾ।

ਨਿਊ ਸਾਊਥ ਵੇਲਜ਼ ਦੀ ਗੱਲ ਕਰੀਏ ਤਾਂ ਸਿਡਨੀ ’ਚ ਸ਼ਨੀਵਾਰ ਨੂੰ ਮੌਸਮ ਵਿਭਾਗ ਨੇ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਇਹ ਐਤਵਾਰ ਅਤੇ ਸੋਮਵਾਰ ਨੂੰ 30-35 ਡਿਗਰੀ ਤਕ ਵੱਧ ਜਾਵੇਗਾ। ਸੋਮਵਾਰ ਨੂੰ ਮੀਂਹ ਤੋਂ ਬਾਅਦ ਤਾਪਮਾਨ ਅਗਲੇ ਹਫਤੇ ਦੇ ਬਾਕੀ ਦਿਨਾਂ ਲਈ 20-25 ਤਕ ਰਹਿ ਸਕਦਾ ਹੈ।

ਬ੍ਰਿਸਬੇਨ ਵਿਚ ਵੀਕਐਂਡ ਦੌਰਾਨ ਤਾਪਮਾਨ ਵੱਧ ਤੋਂ ਵੱਧ 30 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਸ਼ਨੀਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਐਡੀਲੇਡ ’ਚ ਸ਼ਨੀਵਾਰ ਨੂੰ ਤਾਪਮਾਨ 36 ਡਿਗਰੀ ਦੇ ਆਸਪਾਸ ਰਹੇਗਾ। ਐਤਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 33 ਡਿਗਰੀ ਹੋ ਜਾਵੇਗਾ।

ਐਤਵਾਰ ਨੂੰ ਪਰਥ ਵਿਚ 32 ਡਿਗਰੀ ਤਾਪਮਾਨ ਦੇ ਨਾਲ ਵੀਕਐਂਡ ਦੌਰਾਨ ਧੁੱਪ ਰਹੇਗੀ, ਜਦੋਂ ਕਿ ਡਾਰਵਿਨ ਵਿਚ ਤੂਫਾਨੀ ਮੌਸਮ ਹੋਵੇਗਾ, ਜਿਸ ਵਿਚ ਦੋਵੇਂ ਦਿਨ ਤਾਪਮਾਨ 33 ਡਿਗਰੀ ਦੇ ਆਸਪਾਸ ਹੋਵੇਗਾ। ਸ਼ਨੀਵਾਰ ਨੂੰ ਹੋਬਾਰਟ ਵਿਚ ਤਾਪਮਾਨ 28 ਡਿਗਰੀ ਸੈਲਸੀਅਸ, ਜਦਕਿ ਅਗਲੇ ਦਿਨ 22 ਡਿਗਰੀ ਤੱਕ ਪਹੁੰਚ ਜਾਵੇਗਾ, ਜਿਸ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਕੈਨਬਰਾ ’ਚ ਸ਼ਨੀਵਾਰ ਨੂੰ ਤਾਪਮਾਨ 34 ਡਿਗਰੀ ਅਤੇ ਐਤਵਾਰ ਨੂੰ 35 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

Share This Article