ਆਕਲੈਂਡ : ਨਿਊਜ਼ੀਲੈਂਡ ਦੀ ACT Party ਨੇ ਫਾਰਮਾਂ ’ਤੇ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਨਵੇਂ Rural Workforce Visa ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਦੇ ਖੇਤੀਬਾੜੀ ਬੁਲਾਰੇ Andrew Hoggard ਅਨੁਸਾਰ, ਦੇਸ਼ ਦੇ ਡੇਅਰੀ, ਭੇਡ, ਬੀਫ ਅਤੇ ਆਮ ਫਾਰਮਿੰਗ ਸੈਕਟਰ ਇਸ ਵੇਲੇ ਮਜ਼ਦੂਰਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਮੌਜੂਦਾ ਇਮੀਗ੍ਰੇਸ਼ਨ ਸਿਸਟਮ ਇਸ ਸਾਲਾਨਾ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਮਰੱਥ ਰਿਹਾ ਹੈ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਇਸ ਵੀਜ਼ਾ ਦੀਆਂ ਮੁੱਖ ਵਿਸ਼ੇਸ਼ਤਾਵਾਂ:
- 3 ਸਾਲ ਦੀ ਮਿਆਦ: ਇਹ ਇੱਕ ਸਟੈਂਡਅਲੋਨ, ਤਿੰਨ ਸਾਲ ਦਾ ਵੀਜ਼ਾ ਹੋਵੇਗਾ ਜਿਸ ਨੂੰ ਰੀਨਿਊ ਕਰਾਉਣ ਦੀ ਲੋੜ ਨਹੀਂ ਪਵੇਗੀ।
- ਸੈਕਟਰ ਨਾਲ ਸਬੰਧਤ : ਇਹ ਵੀਜ਼ਾ ਕਿਸੇ ਖਾਸ ਰੀਜਨ ਦੀ ਬਜਾਏ accredited rural employers ਨਾਲ ਜੁੜਿਆ ਹੋਵੇਗਾ। ਇਸ ਨਾਲ ਵਰਕਰਜ਼ ਬਿਨਾਂ ਨਵੀਂ ਐਪਲੀਕੇਸ਼ਨ ਦਿੱਤੇ ਇੱਕ ਫਾਰਮ ਤੋਂ ਦੂਜੇ ਫਾਰਮ ਵਿੱਚ ਟਰਾਂਸਫਰ ਕਰ ਸਕਣਗੇ, ਪਰ ਉਹ ਗੈਰ-ਪੇਂਡੂ (non-rural) ਸੈਕਟਰਾਂ ਵਿੱਚ ਨਹੀਂ ਜਾ ਸਕਣਗੇ।
- ਲੈਵੀ ਤੋਂ ਛੋਟ: ACT Party ਵੱਲੋਂ ਪਹਿਲਾਂ ਪ੍ਰਸਤਾਵਿਤ 6 ਡਾਲਰ ਪ੍ਰਤੀ ਦਿਨ ਦੀ infrastructure surcharge ਲੈਵੀ ਤੋਂ ਇਸ ਵੀਜ਼ਾ ਨੂੰ ਮੁਕਤ ਰੱਖਿਆ ਜਾਵੇਗਾ।
- ਪੱਕੇ ਹੋਣ ਦਾ ਵੀ ਰਾਹ : ਜਿਹੜੇ ਵਰਕਰਜ਼ 72 ਮਹੀਨੇ (6 ਸਾਲ) ਤੱਕ ਇਸ ਵੀਜ਼ਾ ’ਤੇ ਕੰਮ ਪੂਰਾ ਕਰ ਲੈਣਗੇ, ਉਹ Work to Residence Visa ਦੇ ਨਵੇਂ ਐਗਰੀਕਲਚਰਲ ਸਟਰੀਮ ਰਾਹੀਂ ਰੈਜ਼ੀਡੈਂਸ ਲਈ ਯੋਗ ਹੋਣਗੇ।
ACT Party ਦੀ Immigration spokesperson Dr. Parmjeet Parmar ਨੇ ਕਿਹਾ ਕਿ ਇਸ ਨੀਤੀ ਦਾ ਮਕਸਦ ਕਿਸਾਨਾਂ ਨੂੰ ਸਰਕਾਰੀ ਕਾਗਜ਼ੀ ਕਾਰਵਾਈ (red tape) ਤੋਂ ਬਚਾਉਣਾ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ।
