ਆਕਲੈਂਡ : ਨਿਊਜ਼ੀਲੈਂਡ ’ਚ Education Review Office (ERO) ਨੇ ਸਕੂਲਾਂ ’ਚ AI (Artificial Intelligence) ਦੀ ਵਰਤੋਂ ਲਈ ਤੁਰੰਤ ਇੱਕ national framework ਦੀ ਮੰਗ ਕੀਤੀ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਲਗਭਗ 60% ਟੀਚਰਜ਼ ਦਾ ਮੰਨਣਾ ਹੈ ਕਿ AI ਸਟੂਡੈਂਟਸ ਦੀ ਆਲੋਚਨਾਤਮਕ ਸੋਚ ’ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ ਅਤੇ ਉਨ੍ਹਾਂ ਨੂੰ ਖੁਦ ਸੋਚਣ ਤੋਂ ਰੋਕ ਰਿਹਾ ਹੈ।
Wellington ਦੇ Rongotai College ਦੇ ਸਟੂਡੈਂਟਸ ਨੇ ਮੰਨਿਆ ਕਿ ਉਹ ਸਕੂਲ ਦੇ ਕੰਮ ਅਤੇ ਰੋਜ਼ਾਨਾ ਦੇ ਸਵਾਲਾਂ ਲਈ ChatGPT ਵਰਗੇ AI ਟੂਲਸ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਆਪਣੀ ਸੋਚਣ ਦੀ ਸਮਰੱਥਾ ਘੱਟ ਰਹੀ ਹੈ। ਸਕੂਲ ਦੀ ਇੱਕ ਅਧਿਆਪਕ, Sonya McAteer ਨੇ ਦੱਸਿਆ ਕਿ ਸਟੂਡੈਂਟਸ ਦੇ ਅਸਾਈਨਮੈਂਟਸ ’ਚ AI ਦੀ ਨਕਲ ਨੂੰ ਚੈੱਕ ਕਰਨ ਲਈ ਉਨ੍ਹਾਂ ਨੂੰ ਦੋ ਘੰਟੇ ਵਾਧੂ ਸਮਾਂ ਲੱਗਦਾ ਹੈ।
Georgetown University ਦੇ ਮਸ਼ਹੂਰ neuroscientist Adam Green ਨੇ ਚੇਤਾਵਨੀ ਦਿੱਤੀ ਹੈ ਕਿ AI ਰਚਨਾਤਮਕਤਾ ਨੂੰ ਸੀਮਤ ਕਰਦਾ ਹੈ। ਉਨ੍ਹਾਂ ਮੁਤਾਬਕ, AI ਦੀ ਵਰਤੋਂ ਕਰਨ ਨਾਲ ਸਾਡੇ ਆਪਣੇ ਵਿਲੱਖਣ ਵਿਚਾਰਾਂ ਦੀ ਜਗ੍ਹਾ ਮਸ਼ੀਨੀ ਵਿਚਾਰ ਲੈ ਲੈਂਦੇ ਹਨ। ਇਸੇ ਤਰ੍ਹਾਂ, AUT ਦੀ AI ethics advisor Brigitte Viljoen ਨੇ ਸਰਕਾਰ ਦੀ ਨਰਮ ਨੀਤੀ ਦੀ ਆਲੋਚਨਾ ਕਰਦਿਆਂ ਸਕੂਲਾਂ ਲਈ ਸਖ਼ਤ AI ਨਿਯਮ ਬਣਾਉਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ, Education Minister Erica Stanford ਨੇ ਇਸ ਰਿਪੋਰਟ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ AI ਨੂੰ ਕਿਸੇ ਵੀ ਕੀਮਤ ’ਤੇ ਸਟੂਡੈਂਟਸ ਦੇ ਆਪਣੇ ਗਿਆਨ ਅਤੇ ਹੁਨਰ ਦੇ ਵਿਕਾਸ ’ਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ।
