ਔਕਲੈਂਡ : ਨਿਊਜ਼ੀਲੈਂਡ ਦੇ Immigration and Protection Tribunal (IPT) ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਇੱਕ ਮਲੇਸ਼ੀਅਨ ਮਾਂ ਅਤੇ ਉਸ ਦੇ ਤਿੰਨ ਬੱਚਿਆਂ ਨੂੰ residence visa ਦੇਣ ਦੇ ਹੁਕਮ ਜਾਰੀ ਕੀਤੇ ਹਨ। ਟ੍ਰਿਬਿਊਨਲ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰੁਤਬੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
Awaaz ਦੀ ਇੱਕ ਰਿਪੋਰਟ ਮੁਤਾਬਕ ਟ੍ਰਿਬਿਊਨਲ ਮੈਂਬਰ M B Martin ਨੇ ਮਨੁੱਖਤਾਵਾਦੀ ਆਧਾਰ ’ਤੇ ਦਾਇਰ ਕੀਤੀ ਗਈ ਅਪੀਲ ਨੂੰ ਮਨਜ਼ੂਰੀ ਦਿੱਤੀ। ਇਹ ਪਰਿਵਾਰ ਟੈਂਪਰੇਰੀ ਵੀਜ਼ਾ ਖਤਮ ਹੋਣ ਤੋਂ ਬਾਅਦ ਓਵਰਸਟੇਅਰ ਹੋ ਗਿਆ ਸੀ। 45 ਸਾਲ ਦੀ ਮਾਂ ਆਪਣੇ 20 ਸਾਲ ਦੇ ਪੁੱਤਰ ਅਤੇ 15 ਸਾਲਾ ਧੀ ਨਾਲ 2017 ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੀ ਸੀ, ਜਦਕਿ ਉਸ ਦੀ 6 ਸਾਲਾ ਧੀ ਦਾ ਜਨਮ 2020 ਵਿੱਚ ਇੱਥੇ ਹੀ ਹੋਇਆ ਸੀ।
ਸੁਣਵਾਈ ਦੌਰਾਨ ਸਾਹਮਣੇ ਆਇਆ ਕਿ 15 ਸਾਲਾ ਧੀ ਨੇ ਆਪਣੀ ਜ਼ਿਆਦਾਤਰ ਪੜ੍ਹਾਈ ਨਿਊਜ਼ੀਲੈਂਡ ਵਿੱਚ ਪੂਰੀ ਕੀਤੀ ਹੈ ਅਤੇ ਉਹ Malay ਜਾਂ Mandarin ਭਾਸ਼ਾਵਾਂ ਚੰਗੀ ਤਰ੍ਹਾਂ ਨਹੀਂ ਜਾਣਦੀ। ਉਸ ਨੂੰ ਵਾਪਸ ਭੇਜਣ ਨਾਲ ਉਸ ਦੀ ਪੜ੍ਹਾਈ ’ਤੇ ਗੰਭੀਰ ਅਸਰ ਪੈਣਾ ਸੀ। ਵੱਡਾ ਪੁੱਤਰ ਵੀ ਸਥਾਨਕ ਭਾਈਚਾਰੇ ਨਾਲ ਪੂਰੀ ਤਰ੍ਹਾਂ ਜੁੜ ਚੁੱਕਾ ਹੈ।
ਇਮੀਗ੍ਰੇਸ਼ਨ ਵਕੀਲ Alastair McClymont ਅਨੁਸਾਰ, ਇਹ ਫੈਸਲਾ ਇਹ ਸਾਬਤ ਕਰਦਾ ਹੈ ਕਿ ਜਦੋਂ ਬੱਚੇ ਕਿਸੇ ਦੇਸ਼ ਵਿੱਚ ਪਲ਼-ਵਧ ਜਾਂਦੇ ਹਨ, ਤਾਂ ਪਰਿਵਾਰ ਨੂੰ ਵੱਖ ਕਰਨਾ ਜਾਇਜ਼ ਨਹੀਂ ਹੈ। ਇਹ ਮਾਮਲਾ ਪਹਿਲਾਂ ਚਰਚਾ ਵਿੱਚ ਆਏ Daman Kumar ਅਤੇ Navjot Singh ਦੇ ਕੇਸਾਂ ਵਰਗਾ ਹੀ ਹੈ, ਜਿੱਥੇ ਬੱਚਿਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਪਰਿਵਾਰ ਨੂੰ ਇਕੱਠੇ ਰੱਖਣ ਦੀ ਵਕਾਲਤ ਕੀਤੀ ਗਈ।
