ਔਕਲੈਂਡ : ਨਿਊਜ਼ੀਲੈਂਡ ਦੇ North Shore Hospital ’ਚ ਸਟਾਫ਼ ਦੀ ਭਾਰੀ ਘਾਟ ਅਤੇ ਖ਼ਰਾਬ ਹਾਲਾਤ ਨੂੰ ਲੈ ਕੇ ਵਿਵਾਦ ਡੂੰਘਾ ਹੋ ਗਿਆ ਹੈ। ਹਸਪਤਾਲ ਦੀਆਂ ਐਮਰਜੈਂਸੀ ਨਰਸਾਂ ਵੱਲੋਂ ‘ਐਮਰਜੈਂਸੀ ਦੀ ਸਥਿਤੀ’ ਐਲਾਨੇ ਜਾਣ ਤੋਂ ਬਾਅਦ Northcote ਵਿਖੇ ਇੱਕ ਭਾਵੁਕ ਜਨਤਕ ਮੀਟਿੰਗ ਹੋਈ, ਜਿਸ ’ਚ ਸੈਂਕੜੇ ਸਥਾਨਕ ਲੋਕਾਂ, ਮਰੀਜ਼ਾਂ ਅਤੇ ਸਿਹਤ ਕਰਮੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੈਂਕੜੇ ਸਥਾਨਕ ਲੋਕਾਂ ਅਤੇ ਮਰੀਜ਼ਾਂ ਨੇ North Shore Hospital ਦੀਆਂ ਨਰਸਾਂ ਦੇ ਸਮਰਥਨ ’ਚ ਆਵਾਜ਼ ਬੁਲੰਦ ਕੀਤੀ। New Zealand Nurses Organisation (NZNO) ਵੱਲੋਂ ਸੱਦੀ ਗਈ ਇਸ ਇਕੱਤਰਤਾ ’ਚ ਹਸਪਤਾਲ ਦੇ Emergency Department ਅੰਦਰ ਸਟਾਫ਼ ਦੀ ਭਾਰੀ ਘਾਟ ਅਤੇ ਮਾੜੇ ਪ੍ਰਬੰਧਾਂ ਦਾ ਮੁੱਦਾ ਛਾਇਆ ਰਿਹਾ।
ਮੀਟਿੰਗ ਦੌਰਾਨ ਨਰਸਾਂ ਅਤੇ ਮਰੀਜ਼ਾਂ ਨੇ ਹਸਪਤਾਲ ਦੀਆਂ ਦਰਦਨਾਕ ਹਕੀਕਤਾਂ ਸਾਂਝੀਆਂ ਕੀਤੀਆਂ। 35 ਸਾਲਾਂ ਤੋਂ ਸੇਵਾ ਨਿਭਾਅ ਰਹੀ ਨਰਸ Lesley Pook ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਮਾੜਾ ਦੌਰ ਹੈ, ਜਿੱਥੇ ਪਿਛਲੇ ਮਹੀਨੇ ਲਗਭਗ 500 ਮਰੀਜ਼ਾਂ ਨੂੰ ਟਾਲਣਾ ਪਿਆ।
ਨਰਸ Sophie Tomes ਨੇ ਸਾਂਝਾ ਕੀਤਾ ਕਿ ਭਾਰੀ ਕੰਮ ਦੇ ਦਬਾਅ ਦੌਰਾਨ ਉਸ ਨੂੰ ਖੁਦ Appendicitis ਹੋ ਗਿਆ ਅਤੇ ਸਰਜਰੀ ਲਈ ਕੋਰੀਡੋਰ ’ਚ 24 ਘੰਟਿਆਂ ਤੋਂ ਵੱਧ ਉਡੀਕ ਕਰਨੀ ਪਈ। ਮਰੀਜ਼ਾਂ ਨੇ ਵਾਰਡਾਂ ’ਚ ਸਟਾਫ਼ ਦੀ ਘਾਟ, ਗੰਦੇ ਬਿਸਤਰਿਆਂ ਅਤੇ ਲੰਬੀਆਂ ਉਡੀਕਾਂ ਦੀਆਂ ਸ਼ਿਕਾਇਤਾਂ ਦੱਸੀਆਂ।
ਸਿਆਸੀ ਪੱਖੋਂ Shanan Halbert (Labour), Daryl Harbraken (New Zealand First), Hūhana Lyndon (Greens) ਅਤੇ Daniel Eb (Opportunity) ਮੀਟਿੰਗ ’ਚ ਸ਼ਾਮਲ ਹੋਏ, ਜਦਕਿ National ਅਤੇ ACT ਪਾਰਟੀਆਂ ਗੈਰ-ਹਾਜ਼ਰ ਰਹੀਆਂ। ਦੂਜੇ ਪਾਸੇ Health New Zealand ਦੇ Andrew Brant ਨੇ ਮੰਨਿਆ ਕਿ Waitematā ਖੇਤਰ ’ਚ ਮਰੀਜ਼ਾਂ ਦੀ ਆਮਦ ਰਿਕਾਰਡ ਪੱਧਰ ’ਤੇ ਪਹੁੰਚ ਚੁੱਕੀ ਹੈ ਅਤੇ ਸੇਵਾਵਾਂ ਸੁਧਾਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਕੱਠ ਵਿੱਚ ਮੌਜੂਦ ਲੋਕਾਂ ਨੇ ਸਪੱਸ਼ਟ ਕੀਤਾ ਕਿ ਆਗਾਮੀ ਚੋਣਾਂ ਵਿੱਚ ਸਿਹਤ ਸੰਭਾਲ ਉਨ੍ਹਾਂ ਦਾ ਮੁੱਖ ਮੁੱਦਾ ਹੋਵੇਗਾ।
