ਆਕਲੈਂਡ : ਨਿਊਜ਼ੀਲੈਂਡ ’ਚ ਇੱਕ ਵੱਡੀ ਕਾਰਵਾਈ ਕਰਦੇ ਹੋਏ, Employment Relations Authority (ERA) ਨੇ ਇੱਕ ਰੈਸਟੋਰੈਂਟ ਕੰਪਨੀ ਅਤੇ ਉਸਦੀ ਡਾਇਰੈਕਟਰ ਨੂੰ ਭਾਰੀ ਜੁਰਮਾਨਾ ਲਗਾਇਆ ਹੈ। ਇਹ ਮਾਮਲਾ ਇੱਕ ਕਿਚਨ ਹੈਂਡ ਪੰਜਾਬੀ ਕੁੜੀ ਜਸਪ੍ਰੀਤ ਕੌਰ ਨਾਲ ਜੁੜਿਆ ਹੋਇਆ ਹੈ, ਜਿਸ ਨੇ ਨਿਊਜ਼ੀਲੈਂਡ ਵਿੱਚ ਨੌਕਰੀ ਅਤੇ ਵੀਜ਼ਾ ਹਾਸਲ ਕਰਨ ਲਈ 25,000 ਡਾਲਰ ਦੀ ਗੈਰ-ਕਾਨੂੰਨੀ ਰਕਮ (ਪ੍ਰੀਮੀਅਮ) ਦਿੱਤੀ ਸੀ। ਅਥਾਰਟੀ ਨੇ Patel Catering Limited ਅਤੇ ਇਸ ਦੀ ਇਕਲੌਤੀ ਡਾਇਰੈਕਟਰ ਚੈਤਾਲੀ ਪਟੇਲ ਨੂੰ ਹੁਕਮ ਦਿੱਤਾ ਹੈ ਕਿ ਉਹ ਪੀੜਤ ਕੁੜੀ ਨੂੰ ਵਿਆਜ ਸਮੇਤ 44,000 ਡਾਲਰ ਤੋਂ ਵੱਧ ਦਾ ਭੁਗਤਾਨ ਕਰਨ।
ਜਸਪ੍ਰੀਤ ਕੌਰ ਅਗਸਤ 2023 ’ਚ ਵਿਜ਼ਿਟਰ ਵੀਜ਼ਾ ’ਤੇ ਆਈ ਸੀ। ਕੰਪਨੀ ਨੇ ਉਸ ਨੂੰ Accredited Employer Work Visa ਦਿਵਾਉਣ ਦੇ ਬਦਲੇ ਵਟਸਐਪ ਮੈਸੇਜ ਰਾਹੀਂ 25,000 ਡਾਲਰ ਦੀ ਮੰਗ ਕੀਤੀ, ਜੋ ਕਿ ਨਿਊਜ਼ੀਲੈਂਡ ਦੇ ਕਾਨੂੰਨ ਮੁਤਾਬਕ ਸਖ਼ਤ ਗੈਰ-ਕਾਨੂੰਨੀ ਹੈ। ਇਹੀ ਨਹੀਂ ਵੀਜ਼ਾ ਮੁਤਾਬਕ ਉਸ ਨੂੰ 29.70 ਡਾਲਰ ਪ੍ਰਤੀ ਘੰਟਾ ਮਿਲਣਾ ਚਾਹੀਦਾ ਸੀ, ਪਰ ਮਾਲਕਾਂ ਨੇ ਉਸ ਨੂੰ ਸਿਰਫ਼ 23.15 ਡਾਲਰ ਦੇ ਹਿਸਾਬ ਨਾਲ ਨਕਦ ਭੁਗਤਾਨ ਕੀਤਾ ਅਤੇ ਬਾਕੀ ਦੇ ਸਮੇਂ ਨੂੰ ਬਿਨਾਂ ਮਨਜ਼ੂਰੀ ’ਤੇ ਅਨਪੇਡ ਲੀਵ ਦਿਖਾ ਦਿੱਤਾ। ਫਰਵਰੀ 2025 ’ਚ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਇਸ ਦੇ ਪੰਜ ਮਹੀਨਿਆਂ ਬਾਅਦ ਕੰਪਨੀ ਲਿਕੁਈਡੇਸ਼ਨ (ਦੀਵਾਲੀਆ) ਵਿੱਚ ਚਲੀ ਗਈ।
ਅਥਾਰਟੀ ਮੈਂਬਰ Eleanor Robinson ਨੇ ਪਾਇਆ ਕਿ ਕੰਪਨੀ ਨੇ Wages Protection Act ਦੀ ਸਿੱਧੀ ਉਲੰਘਣਾ ਕੀਤੀ ਹੈ। ਅਦਾਲਤ ਨੇ ਕੰਪਨੀ ਨੂੰ ਬਾਕੀ ਰਹਿੰਦੀ ਤਨਖਾਹ, ਨੋਟਿਸ ਪੇਅ, ਅਤੇ ਛੁੱਟੀਆਂ ਦੇ ਪੈਸਿਆਂ ਸਮੇਤ 19,397.29 ਡਾਲਰ ਅਤੇ ਲਏ ਗਏ 25,000 ਡਾਲਰ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੰਪਨੀ ਬੰਦ ਹੋਣ ਕਾਰਨ ਚੈਤਾਲੀ ਪਟੇਲ ਨੂੰ ਨਿੱਜੀ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਸਰਕਾਰ ਨੂੰ 10,000 ਫਾਲਰ ਦਾ ਨਿੱਜੀ ਜੁਰਮਾਨਾ ਦੇਣ ਲਈ ਵੀ ਕਿਹਾ ਗਿਆ ਹੈ।
