ਵੈਲਿੰਗਟਨ: ਨਿਊਜ਼ੀਲੈਂਡ ਦੀ ਗਠਜੋੜ ਸਰਕਾਰ ’ਚ ਸ਼ਾਮਲ ਦੋ ਪ੍ਰਮੁੱਖ ਪਾਰਟੀਆਂ, ਨੈਸ਼ਨਲ ਪਾਰਟੀ ਅਤੇ ਨਿਊਜ਼ੀਲੈਂਡ ਫ਼ਰਸਟ ਪਾਰਟੀ, ਇੱਕ ਵਾਰ ਫਿਰ ਇੰਡੀਆ ਨਾਲ Free Trade Agreement (FTA) ਦੇ ਮੁੱਦੇ ’ਤੇ ਆਹਮੋ-ਸਾਹਮਣੇ ਆ ਗਈਆਂ ਹਨ। ਇਸ ਵਾਰ ਵਿਵਾਦ ਦਾ ਮੁੱਖ ਕਾਰਨ ਇਮੀਗ੍ਰੇਸ਼ਨ ਨੀਤੀਆਂ ਨਾਲ ਜੁੜੀ ਇੱਕ ਗੁਪਤ ਬ੍ਰੀਫਿੰਗ ਹੈ।
ਨਿਊਜ਼ੀਲੈਂਡ ਫ਼ਰਸਟ ਦੇ ਲੀਡਰ Winston Peters ਨੇ ਪਾਰਲੀਮੈਂਟ ਵਿੱਚ National Party ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਇੰਡੀਆ ਦੇ ਨਾਗਰਿਕਾਂ ਲਈ ਗੁਪਤ ਤੌਰ ’ਤੇ ਸਖ਼ਤ ਅਤੇ ਵਿਤਕਰੇ ਭਰਪੂਰ ਇਮੀਗ੍ਰੇਸ਼ਨ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੇ ਹਨ। Winston Peters ਮੁਤਾਬਕ, ਨੈਸ਼ਨਲ ਪਾਰਟੀ ਨੇ ਖਰਾਬ ਪੋਲਿੰਗ ਦੇ ਡਰੋਂ ਇਹ ਕਦਮ ਚੁੱਕਿਆ ਹੈ ਅਤੇ ਇਸ ਨੂੰ ਜਨਤਾ ਤੋਂ ਲੁਕਾ ਕੇ ਰੱਖਿਆ ਜਾ ਰਿਹਾ ਹੈ, ਜੋ ਕਿ ਇੱਕ bad faith (ਬਦਨੀਤੀ) ਦਾ ਸਬੂਤ ਹੈ।
ਦੂਜੇ ਪਾਸੇ, Trade Minister Todd McClay ਨੇ Winston Peters ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। Todd McClay ਨੇ ਕਿਹਾ ਕਿ ਇਹ ਸਭ ਸਿਰਫ਼ ਵੋਟਾਂ ਬਟੋਰਨ ਲਈ ਫੈਲਾਈ ਜਾ ਰਹੀ ਗਲਤ ਜਾਣਕਾਰੀ ਹੈ।
ਇਸ ਦੇ ਨਾਲ ਹੀ Immigration Minister Erica Stanford ਦੇ ਦਫ਼ਤਰ ਨੇ ਇਸ ਮਾਮਲੇ ’ਤੇ ਕੋਈ ਵੀ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੋਵਾਂ ਧਿਰਾਂ ਵੱਲੋਂ ਅਧਿਕਾਰਤ ਦਸਤਾਵੇਜ਼ ਜਨਤਕ ਨਾ ਕੀਤੇ ਜਾਣ ਕਾਰਨ ਆਮ ਜਨਤਾ ਲਈ ਅਸਲੀਅਤ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਗਿਆ ਹੈ ਅਤੇ ਚੋਣ ਪ੍ਰਚਾਰ ਦੌਰਾਨ ਇਹ ਵਿਵਾਦ ਹੋਰ ਗਰਮਾਉਣ ਦੀ ਉਮੀਦ ਹੈ।
