ਕਈ ਕੰਪਨੀਆਂ ਅਤੇ Employers ’ਤੇ ਡਿੱਗੀ ਗਾਜ, ਲੱਗੇ ਹਜ਼ਾਰਾਂ ਡਾਲਰ ਦੇ ਜੁਰਮਾਨੇ
ਵੈਲਿੰਗਟਨ (Sea7 Team): ਨਿਊਜ਼ੀਲੈਂਡ ਸਰਕਾਰ ਨੇ ਇਮੀਗ੍ਰੇਸ਼ਨ ਧੋਖਾਧੜੀ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇੱਕ ਬੇਹੱਦ ਵੱਡਾ ਅਤੇ ਸਖ਼ਤ ਸਾਂਝਾ ਆਪਰੇਸ਼ਨ ਚਲਾਇਆ ਹੈ। ਇਸ ਦੇ ਤਹਿਤ ਹੁਣ ਤੱਕ 98 ਲੋਕਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਫੜਿਆ ਗਿਆ ਹੈ, ਜਦਕਿ 14 ਵਿਦੇਸ਼ੀ ਵੀਜ਼ੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, 171 ਲੋਕਾਂ ਅਤੇ ਸ਼ੱਕੀ ਕੰਪਨੀਆਂ ਨੂੰ ਸਖ਼ਤ ਨਿਗਰਾਨੀ (ਵਾਚਲਿਸਟ) ’ਤੇ ਰੱਖਿਆ ਗਿਆ ਹੈ।
ਇਮੀਗ੍ਰੇਸ਼ਨ ਸਿਸਟਮ ਨੂੰ ਵਧੇਰੇ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ Ministry of Business, Innovation and Employment (MBIE) ਦੀਆਂ ‘ਇਮੀਗ੍ਰੇਸ਼ਨ ਕੰਪਲਾਇੰਸ ਐਂਡ ਇਨਵੈਸਟੀਗੇਸ਼ਨ’ ਟੀਮਾਂ ਵੱਲੋਂ ਕੀਤੀ ਗਈ। ਇਸ ਆਪਰੇਸ਼ਨ ਵਿੱਚ ਨਿਊਜ਼ੀਲੈਂਡ ਪੁਲਿਸ ਅਤੇ ਹੋਰ ਪ੍ਰਮੁੱਖ ਸਰਕਾਰੀ ਏਜੰਸੀਆਂ ਨੇ ਵੀ ਸਾਂਝੇ ਤੌਰ ’ਤੇ ਹਿੱਸਾ ਲਿਆ।
ਇਸ ਕਾਰਵਾਈ ਦਾ ਮੁੱਖ ਨਿਸ਼ਾਨਾ ਉਹ High-Risk Employers (ਰੁਜ਼ਗਾਰਦਾਤਾ) ਸਨ, ਜਿਨ੍ਹਾਂ ਦੇ ਸੰਗਠਿਤ ਅਪਰਾਧਿਕ ਗਤੀਵਿਧੀਆਂ (Organised Criminal Activity) ਨਾਲ ਸਬੰਧ ਹੋਣ ਦਾ ਖ਼ਦਸ਼ਾ ਸੀ। ਸਰਕਾਰ ਮੁਤਾਬਕ ਇਸ ਕਾਰਵਾਈ ਦਾ ਮਕਸਦ ਇਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਬਹਾਲ ਕਰਨਾ ਅਤੇ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਇਸ ਛਾਪੇਮਾਰੀ ਅਤੇ ਜਾਂਚ ਦੌਰਾਨ ਹੇਠ ਲਿਖੇ ਵੱਡੇ ਖੁਲਾਸੇ ਅਤੇ ਕਾਰਵਾਈਆਂ ਹੋਈਆਂ ਹਨ:
- 98 ਵਿਅਕਤੀ ਵੀਜ਼ਾ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਰੰਗੇ ਹੱਥੀਂ ਫੜੇ ਗਏ।
- 14 ਵਿਦੇਸ਼ੀ ਵੀਜ਼ੇ ਰੱਦ ਕੀਤੇ ਗਏ ਹਨ, ਜਿਸ ਕਾਰਨ ਹੁਣ ਇਹ ਵਿਅਕਤੀ ਨਿਊਜ਼ੀਲੈਂਡ ਦੀ ਯਾਤਰਾ ਨਹੀਂ ਕਰ ਸਕਣਗੇ।
- 171 ਵਿਅਕਤੀਆਂ ਅਤੇ ਕੰਪਨੀਆਂ ਦੇ ਨਾਮ ਭਵਿੱਖ ਦੀਆਂ ਵੀਜ਼ਾ ਅਰਜ਼ੀਆਂ ਅਤੇ Employer Accreditation ਲਈ ‘ਅਲਰਟ ਸੂਚੀ’ ਵਿੱਚ ਪਾ ਕੇ ਨਿਗਰਾਨੀ ’ਤੇ ਰੱਖ ਦਿੱਤੇ ਗਏ ਹਨ।
- 7 Employers ਵਿਰੁੱਧ ਉਨ੍ਹਾਂ ਦੀ ਮਾਨਤਾ (Accreditation) ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
- 7 ਇੰਫ੍ਰਿੰਜਮੈਂਟ ਨੋਟਿਸ (Infringement Notices) ਜਾਰੀ ਕਰਦਿਆਂ ਨਿਯਮ ਤੋੜਨ ਵਾਲਿਆਂ ਨੂੰ ਕੁੱਲ 21,000 ਨਿਊਜ਼ੀਲੈਂਡ ਡਾਲਰ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ।
- 44 ਗੰਭੀਰ ਮਾਮਲਿਆਂ ਦੀ ਜਾਣਕਾਰੀ ਹੋਰਨਾਂ ਸਰਕਾਰੀ ਕਾਨੂੰਨੀ ਏਜੰਸੀਆਂ ਨੂੰ ਸੌਂਪੀ ਗਈ ਹੈ ਤਾਂ ਜੋ ਇਨ੍ਹਾਂ ਖ਼ਿਲਾਫ਼ ਅਗਲੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
- ਨਿਊਜ਼ੀਲੈਂਡ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਮੀਗ੍ਰੇਸ਼ਨ ਸਿਸਟਮ ਨਾਲ ਖਿਲਵਾੜ ਕਰਨ ਵਾਲਿਆਂ ਅਤੇ ਪਰਵਾਸੀਆਂ ਦਾ ਸ਼ੋਸ਼ਣ ਕਰਨ ਵਾਲੇ ਮਾਲਕਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
