ਆਕਲੈਂਡ : ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ Sir John Key ਨੇ ਇੰਡੀਆ ਨਾਲ ਹੋਏ ਮੁਕਤ ਵਪਾਰ ਸਮਝੌਤੇ (Free Trade Agreement – FTA) ਦਾ ਵਿਰੋਧ ਕਰਨ ਵਾਲਿਆਂ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਸ ਸਮਝੌਤੇ ਦਾ ਵਿਰੋਧ ਕਰਨ ਵਾਲਿਆਂ ਨੂੰ clown (ਮੂਰਖ) ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਆਰਥਿਕਤਾ ਦੀ ਬਿਲਕੁਲ ਸਮਝ ਨਹੀਂ ਹੈ।
ਇਹ ਵਿਵਾਦ ਖਾਸ ਕਰਕੇ ਸੱਤਾਧਾਰੀ ਗਠਜੋੜ ਦੀ ਭਾਈਵਾਲ ਪਾਰਟੀ NZ First ਅਤੇ ਇਸ ਦੇ ਲੀਡਰ Winston Peters ਵੱਲੋਂ ਚੁੱਕੇ ਸਵਾਲਾਂ ਤੋਂ ਬਾਅਦ ਗਰਮਾਇਆ ਹੈ। Winston Peters ਨੇ ਸਮਝੌਤੇ ਵਿੱਚ ਸ਼ਾਮਲ 20 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਵਾਲੀ ਸ਼ਰਤ ’ਤੇ ਇਤਰਾਜ਼ ਜਤਾਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਆਕਲੈਂਡ ਫੇਰੀ ਦੌਰਾਨ ਇਸ ਰਕਮ ਨੂੰ ‘ਪੱਕੀ ਵਚਨਬੱਧਤਾ’ ਦੱਸਿਆ ਗਿਆ, ਜਦਕਿ ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ ਸਿਰਫ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪਾਬੰਦ ਹੈ। ਇਸ ਤੋਂ ਇਲਾਵਾ, ਲੇਬਰ ਪਾਰਟੀ ਦੇ ਨੇਤਾ Chris Hipkins ਨੇ ਵੀ ਚੇਤਾਵਨੀ ਦਿੱਤੀ ਹੈ ਕਿ ਵਚਨਬੱਧਤਾ ਪੂਰੀ ਨਾ ਹੋਣ ’ਤੇ ਨਿਰਯਾਤਕਾਂ ਨੂੰ ਨੁਕਸਾਨ ਹੋ ਸਕਦਾ ਹੈ।
ਦੂਜੇ ਪਾਸੇ, ਟ੍ਰੇਡ ਮਿਨਿਸਟਰ Todd McClay ਅਨੁਸਾਰ ਇਸ FTA ਨਾਲ ਨਿਊਜ਼ੀਲੈਂਡ ਦੇ 95% ਨਿਰਯਾਤ ’ਤੇ ਟੈਰਿਫ ਖਤਮ ਜਾਂ ਬਹੁਤ ਘੱਟ ਹੋ ਜਾਣਗੇ, ਜਿਸ ਨਾਲ ਸਾਲਾਨਾ 1 ਬਿਲੀਅਨ ਡਾਲਰ ਦੀ ਕਮਾਈ ਵਧਣ ਦੀ ਉਮੀਦ ਹੈ। Sir John Key ਨੇ ਕਿਹਾ ਕਿ ਭਾਰਤ, ਅਮਰੀਕਾ ਅਤੇ ਚੀਨ ਨਾਲ ਦੁਨੀਆ ਦੀ ਵੱਡੀ ਮਹਾਂਸ਼ਕਤੀ ਬਣ ਰਿਹਾ ਹੈ, ਇਸ ਲਈ ਨਿਊਜ਼ੀਲੈਂਡ ਨੂੰ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
