ਆਕਲੈਂਡ : ਨਿਊਜ਼ੀਲੈਂਡ ਦੀ National Party ਵੱਲੋਂ ਹੋਟਲਾਂ ’ਤੇ ਲੱਗਣ ਵਾਲੇ ‘Bed Tax’ (ਰਿਹਾਇਸ਼ੀ ਟੈਕਸ) ਨੂੰ ਰੱਦ ਕਰਨ ਦੇ ਫੈਸਲੇ ਨੇ ਕਈ ਸ਼ਹਿਰਾਂ ਦੇ ਮੇਅਰਾਂ ਵਿੱਚ ਭਾਰੀ ਨਿਰਾਸ਼ਾ ਪੈਦਾ ਕਰ ਦਿੱਤੀ ਹੈ। National Party ਨੇ ਚੋਣਾਂ ਦੇ ਮੱਦੇਨਜ਼ਰ ‘ਕੋਈ ਨਵਾਂ ਟੈਕਸ ਨਹੀਂ’ ਲਗਾਉਣ ਦਾ ਵਾਅਦਾ ਕਰਦਿਆਂ ਇਸ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ।
Auckland ਦੇ ਮੇਅਰ Wayne Brown ਨੇ ਇਸ ਫੈਸਲੇ ’ਤੇ ਤਿੱਖਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਰਕਾਰ ਆਪਣੇ ਕੀਤੇ ਸਮਝੌਤੇ Auckland Regional Deal ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਆਮ ਟੈਕਸ ਨਹੀਂ, ਸਗੋਂ ਯੂਜ਼ਰ ਚਾਰਜ ਸੀ, ਜਿਸ ਨਾਲ ਸਥਾਨਕ ਲੋਕਾਂ ’ਤੇ ਕੋਈ ਬੋਝ ਨਹੀਂ ਪੈਣਾ ਸੀ ਅਤੇ ਕਾਰੋਬਾਰਾਂ ਤੇ ਸਮਾਗਮਾਂ ਨੂੰ ਫਾਇਦਾ ਹੋਣਾ ਸੀ।
Queenstown Lakes District ਦੇ ਮੇਅਰ John Glover ਨੇ ਇਸ ਨੂੰ ਨੀਤੀ ਦਾ ‘ਪੂਰਾ ਯੂ-ਟਰਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਆਉਣ ਵਾਲੇ ਸੈਲਾਨੀਆਂ ਕਾਰਨ ਸਥਾਨਕ ਬੁਨਿਆਦੀ ਢਾਂਚੇ ਅਤੇ ਸੜਕਾਂ ’ਤੇ ਭਾਰੀ ਦਬਾਅ ਪੈਂਦਾ ਹੈ, ਜਿਸ ਦਾ ਖ਼ਰਚਾ ਸਥਾਨਕ ਟੈਕਸ ਭਰਨ ਵਾਲਿਆਂ ਨੂੰ ਚੁੱਕਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ, Rotorua ਦੀ ਮੇਅਰ Tania Tapsell ਨੇ ਵੀ ਇਸ ਫੈਸਲੇ ’ਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਬਿਨਾਂ ਕਿਸੇ ਬਦਲਵੇਂ ਪ੍ਰਬੰਧ ਦੇ ਕੌਂਸਲਾਂ ਨੂੰ ਸੈਰ-ਸਪਾਟੇ ਦੇ ਖਰਚਿਆਂ ਲਈ ਸਥਾਨਕ ਫੰਡਾਂ ’ਤੇ ਹੀ ਨਿਰਭਰ ਰਹਿਣਾ ਪਵੇਗਾ।
ਜਦਕਿ PM Christopher Luxon ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ Bed Tax ਰੱਦ ਕਰਨ ਦੇ ਫੈਸਲੇ ’ਤੇ ਕੋਈ ਪਛਤਾਵਾ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਟੈਕਸ ਆਮ ਲੋਕਾਂ ’ਤੇ ਵਾਧੂ ਵਿੱਤੀ ਬੋਝ ਪਾਉਂਦਾ। Luxon ਨੇ ਭਰੋਸਾ ਦਿੱਤਾ ਕਿ ਸਰਕਾਰ ਖੇਤਰੀ ਬੁਨਿਆਦੀ ਢਾਂਚੇ ਅਤੇ ਟੂਰਿਜ਼ਮ ਖਰਚਿਆਂ ਨਾਲ ਨਜਿੱਠਣ ਲਈ ਹੋਰ ਬਦਲਵੇਂ ਤਰੀਕਿਆਂ ’ਤੇ ਵਿਚਾਰ ਕਰ ਰਹੀ ਹੈ।
