ਨਿਊਜ਼ੀਲੈਂਡ : ਪੁਲਿਸ ਵੱਲੋਂ 2025 Papatoetoe ਲੋਕਲ ਬੋਰਡ ਚੋਣਾਂ ਦੀ ਜਾਂਚ ਬੰਦ, POAT ਦੇ ਇੰਡੀਆ ਮੂਲ ਦੇ ਚਾਰ ਉਮੀਦਵਾਰਾਂ ਨੂੰ ਮਿਲੀ ਕਲੀਨ ਚਿੱਟ

Sea7 Nz Team
3 Min Read

ਆਕਲੈਂਡ : ਨਿਊਜ਼ੀਲੈਂਡ ਪੁਲਿਸ ਨੇ 2025 ਦੀਆਂ Ōtara-Papatoetoe ਲੋਕਲ ਬੋਰਡ ਚੋਣਾਂ ’ਚ ਚੋਣ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਬਿਨਾਂ ਕੋਈ ਚਾਰਜ ਲਗਾਏ ਬੰਦ ਕਰ ਦਿੱਤੀ ਹੈ। Detective Inspector Shaun Vickers ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਅੱਗੇ ਕਾਰਵਾਈ ਕਰਨ ਲਈ ਲੋੜੀਂਦੇ ਸਬੂਤ ਨਹੀਂ ਮਿਲੇ ਹਨ, ਜਿਸ ਕਾਰਨ ਸਾਰੀਆਂ ਫਾਈਲਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਫੈਸਲਾ ਅਪ੍ਰੈਲ ਵਿੱਚ ਹੋਈਆਂ ਮੁੜ-ਚੋਣਾਂ ਤੋਂ ਚਾਰ ਮਹੀਨੇ ਬਾਅਦ ਆਇਆ ਹੈ। ਇਨ੍ਹਾਂ ਮੁੜ-ਚੋਣਾਂ ਵਿੱਚ ਇੰਡੀਆ ਮੂਲ ਦੇ ਚਾਰ ’ਚੋਂ ਤਿੰਨ ਉਮੀਦਵਾਰਾਂ ਨੇ ਮੁੜ ਜਿੱਤ ਪ੍ਰਾਪਤ ਕੀਤੀ ਸੀ, ਜਿਨ੍ਹਾਂ ਦੀ ਪਿਛਲੀ ਜਿੱਤ ਨੂੰ ਰੱਦ ਕਰ ਦਿੱਤਾ ਗਿਆ ਸੀ। ਮੁੜ-ਚੋਣਾਂ ’ਚ ਗੜਬੜੀ ਦੇ ਦੋਸ਼ ਲਗਾਉਣ ਵਾਲੇ Vi Hausia ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ Papatoetoe Otara Action Team (POAT) ਦੇ ਉਮੀਦਵਾਰ ਜੀਤ ਸਿੰਘ, ਸੰਦੀਪ ਸੈਣੀ ਅਤੇ ਕਸ਼ਮਾ ਨਾਇਰ ਜੇਤੂ ਰਹੇ। ਚੌਥੇ ਉਮੀਦਵਾਰ ਕੁਨਾਲ ਭੱਲਾ ਪੰਜਵੇਂ ਸਥਾਨ ’ਤੇ ਰਹੇ।

POAT ਦੇ ਬੁਲਾਰੇ ਕੁਨਾਲ ਭੱਲਾ ਨੇ ਇੱਕ ਬਿਆਨ ਜਾਰੀ ਕਰ ਕੇ ਪੁਲਿਸ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਟੀਮ ਲਈ ਇੱਕ ਅਹਿਮ ਅਧਿਆਏ ਦਾ ਅੰਤ ਹੋਇਆ ਹੈ। ਬਿਆਨ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ POAT ਅਤੇ ਇਸ ਦੇ ਮੈਂਬਰਾਂ ਨੂੰ ਸੋਸ਼ਲ ਮੀਡੀਆ ’ਤੇ ਝੂਠੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। High Court ਨੇ ਵੀ ਆਪਣੇ ਫੈਸਲੇ ’ਚ ਸਪੱਸ਼ਟ ਕੀਤਾ ਸੀ ਕਿ POAT ਵੋਟਿੰਗ ਪੇਪਰਾਂ ਦੀ ਦੁਰਵਰਤੋਂ ’ਚ ਸ਼ਾਮਲ ਨਹੀਂ ਸੀ। ਅਦਾਲਤ ਨੇ ਉਮੀਦਵਾਰਾਂ ’ਤੇ ਲੱਗੇ immigrant corruption ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗੁੰਮਰਾਹਕੁੰਨ ਅਤੇ ਗਲਤ ਦੱਸਿਆ ਸੀ।

ਕੁਨਾਲ ਭੱਲਾ ਨੇ ਸਪੱਸ਼ਟ ਕੀਤਾ ਕਿ ਸਿਆਸਡ ’ਚ ਵਿਚਾਰਾਂ ਅਤੇ ਕੰਮ ਦੀ ਅਹਿਮੀਅਤ ਹੋਣੀ ਚਾਹੀਦੀ ਹੈ, ਨਾ ਕਿ ਨਸਲ ਜਾਂ ਡਰ ਦੀ। ਉਨ੍ਹਾਂ ਕਿਹਾ, ‘‘ਸਾਡਾ ਅੱਜ ਦਾ ਸੰਦੇਸ਼ ਬਦਲੇ ਦਾ ਨਹੀਂ, ਸਗੋਂ ਹੌਂਸਲੇ ਦਾ ਹੈ।’’ POAT ਨੇ ਭਵਿੱਖ ਦੀਆਂ ਚੋਣਾਂ ਵਿੱਚ ਹੋਰ ਵੀ ਮਜ਼ਬੂਤੀ ਨਾਲ ਉਤਰਨ ਅਤੇ ਆਮ ਲੋਕਾਂ ਦੀ ਪ੍ਰਤੀਨਿਧਤਾ ਲਈ ਲੜਨ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ 2025 ਦੇ ਨਤੀਜਿਆਂ ਨੂੰ Vi Hausia ਵੱਲੋਂ District Court ’ਚ ਚੁਣੌਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਬਾਅਦ ’ਚ High Court ਦੀ Justice Jane Anderson ਨੇ ਭਾਰਤੀ ਉਮੀਦਵਾਰਾਂ ਖਿਲਾਫ ‘ਇਮੀਗ੍ਰੈਂਟ ਭ੍ਰਿਸ਼ਟਾਚਾਰ’ ਵਰਗੀਆਂ ਗੁੰਮਰਾਹਕੁੰਨ ਟਿੱਪਣੀਆਂ ਦੀ ਸਖ਼ਤ ਆਲੋਚਨਾ ਵੀ ਕੀਤੀ ਸੀ। ਹੁਣ ਪੁਲਿਸ ਜਾਂਚ ਬੰਦ ਹੋਣ ਨਾਲ ਇਸ ਚੋਣ ਵਿਵਾਦ ਦਾ ਪੂਰੀ ਤਰ੍ਹਾਂ ਅੰਤ ਹੋ ਗਿਆ ਹੈ।

Share This Article
Leave a Comment

Leave a Reply

Your email address will not be published. Required fields are marked *