ਔਕਲੈਂਡ : ਹੁਣ Airbnb ਮਹਿਮਾਨਾਂ ਨੂੰ ਛੁੱਟੀਆਂ ਦੌਰਾਨ ਭਾਂਡੇ ਧੋਣ ਜਾਂ ਫਰਸ਼ ਸਾਫ਼ ਕਰਨ ਵਰਗੇ ਕੰਮਾਂ ਤੋਂ ਰਾਹਤ ਮਿਲ ਸਕਦੀ ਹੈ। Airbnb ਨੇ New Zealand ’ਚ ਆਪਣੀ ਪਾਲਿਸੀ ’ਚ ਵੱਡਾ ਬਦਲਾਅ ਕੀਤਾ ਹੈ, ਜਿਸ ਤਹਿਤ hosts ਵੱਲੋਂ ਗੈਸਟਾਂ ਨੂੰ ਦਿੱਤੇ ਜਾਣ ਵਾਲੇ ਕੰਮ ਹੁਣ ਪੂਰੀ ਤਰ੍ਹਾਂ ‘ਵਾਜਬ’ ਹੋਣੇ ਚਾਹੀਦੇ ਹਨ।
ਨਵੇਂ ਨਿਯਮਾਂ ਅਨੁਸਾਰ, ਮਹਿਮਾਨਾਂ ਨੂੰ ਭਾਂਡੇ ਧੋਣ, ਬੈੱਡਸ਼ੀਟਾਂ ਉਤਾਰਨ ਜਾਂ ਕੂੜਾ ਬਾਹਰ ਕੱਢਣ ਵਰਗੇ ਉਨ੍ਹਾਂ ਕੰਮਾਂ ਲਈ ਨਹੀਂ ਕਿਹਾ ਜਾ ਸਕਦਾ ਜੋ ਆਮ ਤੌਰ ’ਤੇ ਕਲੀਨਰ ਵੱਲੋਂ ਕੀਤੇ ਜਾਂਦੇ ਹਨ। ਇਹ ਖਾਸ ਕਰਕੇ ਉਨ੍ਹਾਂ ਮਹਿਮਾਨਾਂ ਲਈ ਵੱਡੀ ਰਾਹਤ ਹੈ ਜੋ ਪਹਿਲਾਂ ਹੀ ਸਫਾਈ ਫੀਸ ਅਦਾ ਕਰ ਰਹੇ ਹੁੰਦੇ ਹਨ। ਹਾਲਾਂਕਿ, hosts ਮਹਿਮਾਨਾਂ ਨੂੰ ਵਰਤੇ ਹੋਏ ਭਾਂਡੇ ਸਿੰਕ ’ਚ ਰੱਖਣ ਵਰਗੀਆਂ ਛੋਟੀਆਂ ਗੱਲਾਂ ਲਈ ਕਹਿ ਸਕਦੇ ਹਨ। ਇਸ ਦੇ ਨਾਲ ਹੀ, ਮਹਿਮਾਨਾਂ ’ਤੇ hosts ਵੱਲੋਂ ਆਪਣੀ ਮਰਜ਼ੀ ਨਾਲ ਲਗਾਏ ਜਾਣ ਵਾਲੇ ਜੁਰਮਾਨਿਆਂ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਕੰਪਨੀ ਵੱਲੋਂ ਪੇਸ਼ ਕੀਤੀ ਗਈ ਨਵੀਂ ਗਲੋਬਲ House Rules ਪਾਲਿਸੀ 20 ਨਵੰਬਰ 2026 ਤੋਂ ਲਾਗੂ ਹੋਵੇਗੀ। ਨਵੀਂ ਨੀਤੀ ਤਹਿਤ ਹੋਸਟਾਂ ਕੋਲ ਚੁਣਨ ਲਈ ਸੱਤ ਮਿਆਰੀ House Rules ਹੋਣਗੇ, ਜਿਨ੍ਹਾਂ ਵਿੱਚ ਰਾਤ ਰਹਿਣ ਵਾਲੇ ਮਹਿਮਾਨਾਂ ਦੀ ਅਧਿਕਤਮ ਗਿਣਤੀ ਅਤੇ ਚੈੱਕਆਊਟ ਵੇਲੇ ਤਾਲਾ ਲਗਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਹੋਸਟ ਵਾਅਦਾ ਕੀਤੀਆਂ ਸਹੂਲਤਾਂ ‘ਤੇ ਪਾਬੰਦੀ ਨਹੀਂ ਲਗਾ ਸਕਣਗੇ ਅਤੇ ਨਾ ਹੀ ਮਹਿਮਾਨਾਂ ‘ਤੇ ਅਚਾਨਕ ਕੋਈ ਜੁਰਮਾਨਾ ਲਗਾ ਸਕਣਗੇ।
ਜਿੱਥੇ ਮਹਿਮਾਨ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ, ਉੱਥੇ ਹੀ ਕਈ ਹੋਸਟਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਬਾਰੇ ਨਿਯਮ ਤੈਅ ਕਰਨ ਦਾ ਅਧਿਕਾਰ ਉਹਨਾਂ ਕੋਲ ਹੋਣਾ ਚਾਹੀਦਾ ਹੈ। Airbnb ਨੇ ਸਪੱਸ਼ਟ ਕੀਤਾ ਹੈ ਕਿ ਹੋਸਟ ਆਪਣੀਆਂ ਬੇਨਤੀਆਂ ਅਪਡੇਟ ਕਰ ਸਕਦੇ ਹਨ, ਪਰ ਜੇਕਰ ਕੋਈ ਸ਼ਰਤ ਨੀਤੀ ਦੀ ਉਲੰਘਣਾ ਕਰੇਗੀ ਤਾਂ ਉਸ ‘ਤੇ ਕਾਰਵਾਈ ਹੋਵੇਗੀ।
RNZ ਦੀ ਰਿਪੋਰਟ ਅਨੁਸਾਰ Consumer NZ ਦੀ ਬੁਲਾਰੇ Jessica Walker ਨੇ ਕਿਹਾ ਕਿ ਲੋਕ ਇਸ ਬਦਲਾਅ ਦਾ ਜ਼ੋਰਦਾਰ ਸਵਾਗਤ ਕਰਨਗੇ। ਉਨ੍ਹਾਂ ਦੱਸਿਆ ਕਿ ਸਫਾਈ ਫੀਸ ਦੇਣ ਦੇ ਬਾਵਜੂਦ ਲੰਮੀ ਚੌੜੀ ਕੰਮਾਂ ਦੀ ਲਿਸਟ ਮਿਲਣ ਕਾਰਨ ਮਹਿਮਾਨਾਂ ’ਚ ਕਾਫੀ ਨਿਰਾਸ਼ਾ ਪਾਈ ਜਾਂਦੀ ਸੀ। Massey university ਦੇ ਮਾਰਕੀਟਿੰਗ ਮਾਹਰ Bodo Lang ਨੇ ਵੀ ਇਸ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਜਦੋਂ ਲੋਕ ਪੈਸੇ ਦਿੰਦੇ ਹਨ, ਤਾਂ ਉਹ ਸਹੂਲਤ ਦੀ ਉਮੀਦ ਕਰਦੇ ਹਨ।
Airbnb ਦੇ ਬੁਲਾਰੇ ਨੇ ਕਿਹਾ ਕਿ ਪੁਰਾਣੇ ਨਿਯਮ ਕਾਫੀ ਉਲਝਣ ਵਾਲੇ ਸਨ। ਹੁਣ hosts ਨੂੰ ਸੱਤ ਮਿਆਰੀ ਨਿਯਮਾਂ ਵਿੱਚੋਂ ਚੋਣ ਕਰਨ ਦਾ ਵਿਕਲਪ ਮਿਲੇਗਾ, ਜੋ ਲਿਸਟਿੰਗ ਪੇਜ ’ਤੇ ਸਪੱਸ਼ਟ ਦਿਖਾਈ ਦੇਣਗੇ। Bodo Lang ਨੇ ਇਹ ਵੀ ਨੋਟ ਕੀਤਾ ਕਿ ਇਹ ਨਵੀਂ ਪਾਲਿਸੀ Airbnb ਨੂੰ ਇਸ ਦੇ ਮੂਲ ਰੂਪ ਤੋਂ ਹਟਾ ਕੇ ਹੋਟਲਾਂ ਵਰਗੀ ਵਪਾਰਕ ਰਿਹਾਇਸ਼ ਦੇ ਵੱਧ ਨੇੜੇ ਲੈ ਕੇ ਜਾਂਦੀ ਹੈ।
