ਨਿਊਜ਼ੀਲੈਂਡ ’ਚ ਪੰਜਾਬੀ ਮਾਈਗਰੈਂਟ ਵਰਕਰਜ਼ ਦੇ ਸੋਸ਼ਣ ਦਾ ਨਵਾਂ ਮਾਮਲਾ, ERA ਨੇ ਜਗਦੀਪ ਸਿੰਘ ਨੂੰ ਲਗਾਇਆ 5000 ਡਾਲਰ ਦਾ ਜੁਰਮਾਨਾ

Sea7 Nz Team
2 Min Read
  • ਜਾਂਚ ’ਚ ਰੁਕਾਵਟ ਪਾਉਣ ਦਾ ਸੀ ਦੋਸ਼, ਤਰਨਜੋਤ ਸਿੰਘ ਵੱਲੋਂ Sian Enterprises ਖਿਲਾਫ ਕੇਸ
  • ਪਹਿਲਾਂ ਵੱਡੀ ਰਕਮ ਲੈ ਕੇ ਨੌਕਰੀ ਦੇਣ ਅਤੇ ਫਿਰ ਗ਼ੈਰਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਕੱਢਣ ਦਾ ਦੋਸ਼ ਲਗਾਇਆ

ਔਕਲੈਂਡ : ਨਿਊਜ਼ੀਲੈਂਡ ’ਚ ਮਾਇਗਰੈਂਟ ਵਰਕਰਜ਼ ਦੇ ਸ਼ੋਸ਼ਣ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਅਣਡਿੱਠ ਕਰਨ ਵਾਲਿਆਂ ਲਈ ਇੱਕ ਸਖ਼ਤ ਚੇਤਾਵਨੀ ਹੇਠ, Employment Relations Authority (ERA) ਨੇ ਇੱਕ ਅਹਿਮ ਫੈਸਲੇ ’ਚ ਜਗਦੀਪ ਸਿੰਘ ਨੂੰ ਅਥਾਰਟੀ ਦੀ ਜਾਂਚ ’ਚ ਜਾਣਬੁੱਝ ਕੇ ਰੁਕਾਵਟ ਪਾਉਣ ਦੇ ਦੋਸ਼ ਹੇਠ 5,000 ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਹ ਕੇਸ ਤਰਨਜੋਤ ਸਿੰਘ ਵੱਲੋਂ Sian Enterprises Limited ਅਤੇ ਸਤਵੰਤ ਸਿੰਘ ਖਿਲਾਫ ਦਾਇਰ ਕੀਤਾ ਗਿਆ ਸੀ।

ਤਰਨਜੋਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਨਾ ਸਿਰਫ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ, ਬਲਕਿ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਸਤਵੰਤ ਸਿੰਘ ਦੇ ਕਹਿਣ ’ਤੇ ਉਸ ਨੇ ਨਿਊਜ਼ੀਲੈਂਡ ’ਚ ਜਗਦੀਪ ਸਿੰਘ ਦੇ ਬੈਂਕ ਖਾਤੇ ’ਚ ਗੈਰ-ਕਾਨੂੰਨੀ ਪ੍ਰੀਮੀਅਮ (ਡਾਲਰ) ਦੀ ਰਕਮ ਕਿਸ਼ਤਾਂ ’ਚ ਅਦਾ ਕੀਤੀ ਸੀ। ਨਿਊਜ਼ੀਲੈਂਡ ਦੇ ਕਾਨੂੰਨ ਤਹਿਤ ਨੌਕਰੀ ਬਦਲੇ ਅਜਿਹਾ ਪ੍ਰੀਮੀਅਮ ਲੈਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।

ਜਾਂਚ ਦੌਰਾਨ ਸਤਵੰਤ ਸਿੰਘ ਨੇ ਜਗਦੀਪ ਸਿੰਘ ਨੂੰ ਜਾਣਨ ਤੋਂ ਇਨਕਾਰ ਕੀਤਾ, ਪਰ ਅਥਾਰਟੀ ਨੂੰ ਪਤਾ ਲੱਗਾ ਕਿ ਸਤਵੰਤ ਸਿੰਘ ਖੁਦ ਉਸੇ ਕੰਪਨੀ ਦਾ ਡਾਇਰੈਕਟਰ ਰਿਹਾ ਹੈ ਜਿਸ ਦਾ ਮੌਜੂਦਾ ਡਾਇਰੈਕਟਰ ਜਗਦੀਪ ਸਿੰਘ ਹੈ। ਸੱਚਾਈ ਸਾਹਮਣੇ ਲਿਆਉਣ ਲਈ ਅਥਾਰਟੀ ਮੈਂਬਰ Eleanor Robinson ਨੇ ਜਗਦੀਪ ਸਿੰਘ ਨੂੰ ਬੈਂਕ ਸਟੇਟਮੈਂਟਾਂ ਸਮੇਤ ਪੇਸ਼ ਹੋਣ ਲਈ ਕਾਨੂੰਨੀ ਸੰਮਨ ਜਾਰੀ ਕੀਤੇ।

ਹਾਲਾਂਕਿ, ਜਗਦੀਪ ਸਿੰਘ ਬਿਨਾਂ ਕਿਸੇ ਕਾਰਨ ਜਾਂ ਸੂਚਨਾ ਦੇ ਮੀਟਿੰਗ ’ਚ ਪੇਸ਼ ਨਹੀਂ ਹੋਇਆ। ਅਥਾਰਟੀ ਨੇ ਇਸ ਨੂੰ ਜਾਂਚ ਪ੍ਰਕਿਰਿਆ ’ਚ ਸਿੱਧੀ ਰੁਕਾਵਟ ਅਤੇ ਕਾਨੂੰਨ ਦੀ ਉਲੰਘਣਾ ਮੰਨਿਆ।

ਇਸ ਲਾਪਰਵਾਹੀ ਦਾ ਸਖ਼ਤ ਨੋਟਿਸ ਲੈਂਦਿਆਂ, Eleanor Robinson ਨੇ Employment Relations Act 2000 ਦੀ ਧਾਰਾ 134A ਤਹਿਤ ਕਾਰਵਾਈ ਕਰਦੇ ਹੋਏ ਜਗਦੀਪ ਸਿੰਘ ਨੂੰ 14 ਦਿਨਾਂ ਦੇ ਅੰਦਰ ਕਰਾਊਨ ਬੈਂਕ ਖਾਤੇ ’ਚ 5,000 ਡਾਲਰ ਜਮ੍ਹਾਂ ਕਰਵਾਉਣ ਦਾ ਹੁਕਮ ਸੁਣਾਇਆ ਹੈ।

Share This Article
Leave a Comment

Leave a Reply

Your email address will not be published. Required fields are marked *