ਔਕਲੈਂਡ : ਨਿਊਜ਼ੀਲੈਂਡ ਨਾਲ ਜੁੜੇ ਵਿਗਿਆਨੀਆਂ ਦੀ ਇੱਕ ਤਾਜ਼ਾ ਖੋਜ ’ਚ ਇਹ ਚਿੰਤਾਜਨਕ ਖੁਲਾਸਾ ਹੋਇਆ ਹੈ ਕਿ ਕੁਦਰਤੀ ਜਲ ਸਰੋਤਾਂ, Tap Water ਅਤੇ ਬੋਤਲਬੰਦ ਪਾਣੀ ’ਚ ਮਨੁੱਖੀ ਸਿਹਤ ਅਤੇ ਪ੍ਰਜਨਨ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਖ਼ਤਰਨਾਕ ਹਾਰਮੋਨ-ਵਿਗਾੜੂ ਰਸਾਇਣ (endocrine-disrupting chemicals) ਮੌਜੂਦ ਹਨ। ਇਹ ਅਧਿਐਨ ਓਪਨ-ਐਕਸੈਸ ਜਰਨਲ iScience ’ਚ ਪ੍ਰਕਾਸ਼ਿਤ ਹੋਇਆ ਹੈ।
ਖੋਜਕਰਤਾਵਾਂ ਨੇ ਨਦੀਆਂ, ਮੀਂਹ ਦੇ ਪਾਣੀ, ਘਰੇਲੂ Tap Water, ਪਾਣੀ ਦੀਆਂ ਟੈਂਕੀਆਂ ਅਤੇ ਵੱਖ-ਵੱਖ ਬੋਤਲਬੰਦ ਬ੍ਰਾਂਡਾਂ ਦੇ ਨਮੂਨਿਆਂ ਦੀ ਜਾਂਚ ਕੀਤੀ। ਇਸ ਦੌਰਾਨ ਕਈ ਸਰੋਤਾਂ ’ਚ ਐਸਟ੍ਰੋਜਨਿਕ ਗਤੀਵਿਧੀਆਂ ਦੇ ਪ੍ਰਭਾਵ ਦੇਖੇ ਗਏ। ਇਸ ਅਧਿਐਨ ਦੀ ਮੁੱਖ ਲੇਖਕ, University of Otago ਦੇ ਫਿਜ਼ੀਓਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਬਾਇਓਟੈਕ ਸਟਾਰਟ-ਅੱਪ InsituGen ਦੀ ਮੁੱਖ ਵਿਗਿਆਨਕ ਅਧਿਕਾਰੀ Alison Heather ਨੇ ਕਿਹਾ ਕਿ ਅਜਿਹੇ ਰਸਾਇਣ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਘਟ ਰਹੀ ਜਣਨ ਸਮਰੱਥਾ ਅਤੇ ਮਰਦਾਂ ’ਚ ਸ਼ੁਕਰਾਣੂਆਂ ਦੀ ਗਿਣਤੀ ਘਟਣ ਨਾਲ ਜੁੜੇ ਹੋਏ ਹਨ।
ਹਾਲਾਂਕਿ, Alison Heather ਅਨੁਸਾਰ ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਪਾਣੀ ਪੀਣ ਲਈ ਅਸੁਰੱਖਿਅਤ ਹੈ। ਜਾਂਚ ਦੌਰਾਨ ਇੱਕ ਕੁਦਰਤੀ ਝਰਨੇ, ਇੱਕ ਫਿਲਟਰ ਕੀਤੇ ਫੁਹਾਰੇ ਅਤੇ ਇੱਕ ਖਾਸ ਬੋਤਲਬੰਦ ਪਾਣੀ ’ਚ ਇਹ ਰਸਾਇਣ ਬਿਲਕੁਲ ਨਹੀਂ ਪਾਏ ਗਏ, ਜਿਸ ਤੋਂ ਸਪੱਸ਼ਟ ਹੈ ਕਿ ਸਾਫ਼ ਅਤੇ ਸੁਰੱਖਿਅਤ ਪਾਣੀ ਉਪਲਬਧ ਕਰਵਾਉਣਾ ਸੰਭਵ ਹੈ।
ਮੌਜੂਦਾ ਤਕਨੀਕਾਂ ਨਾਲ ਸੀਮਤ ਰਸਾਇਣਾਂ ਦੀ ਜਾਂਚ ਹੁੰਦੀ ਹੈ, ਪਰ ਖੋਜ ਟੀਮ ਨੇ ਇੱਕ ਨਵੀਂ ਸੰਵੇਦਨਸ਼ੀਲ bioassay ਤਕਨੀਕ ਵਿਕਸਤ ਕੀਤੀ ਹੈ, ਜੋ ਪਾਣੀ ’ਚ ਘੁਲੇ ਵੱਖ-ਵੱਖ ਰਸਾਇਣਾਂ ਦੇ ਸਮੁੱਚੇ ਪ੍ਰਭਾਵ ਨੂੰ ਮਾਪ ਸਕਦੀ ਹੈ। ਖੋਜਕਰਤਾਵਾਂ ਨੇ ਮੰਗ ਕੀਤੀ ਹੈ ਕਿ ਰੈਗੂਲੇਟਰਾਂ ਅਤੇ ਵਾਟਰ ਸਪਲਾਇਰਾਂ ਨੂੰ ਲੋਕਾਂ ਦੀ ਸਿਹਤ ਸੁਰੱਖਿਆ ਲਈ ਪਾਣੀ ਦੀ ਨਿਯਮਤ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।
