ਆਕਲੈਂਡ : ਇੱਕ ਸਮੇਂ ਨਿਊਜ਼ੀਲੈਂਡ ਦੀ ਇੰਡੀਅਨ ਕਮਿਊਨਿਟੀ ’ਚ ਅਸਰ-ਰਸੂਖ ਰੱਖਣ ਵਾਲੇ South Auckland ਦੇ ਜਾਣੇ-ਪਛਾਣੇ ਕਾਰੋਬਾਰੀ, ਸਾਬਕਾ JP ਅਤੇ Queen’s Service Medal (QSM) ਜੇਤੂ ਰਹੇ ਦਵਿੰਦਰ ਰੇਹਲ (63) ਅੱਜ ਗੰਭੀਰ ਆਰਥਿਕ ਸੰਕਟ ਅਤੇ ਇਕੱਲੇਪਣ ਦੇ ਦੌਰ ’ਚੋਂ ਲੰਘ ਰਹੇ ਹਨ। ਕਦੇ ਆਲੀਸ਼ਾਨ ਜ਼ਿੰਦਗੀ ਜਿਊਣ ਵਾਲੇ ਦਵਿੰਦਰ ਰੇਹਲ ਇਸ ਵੇਲੇ Papatoetoe ਸਥਿਤ Kāinga Ora ਦੇ ਇੱਕ ਛੋਟੇ ਜਿਹੇ ਸਰਕਾਰੀ ਫਲੈਟ ’ਚ ਇਕੱਲੇ ਰਹਿ ਰਹੇ ਹਨ ਅਤੇ ਦੀਵਾਲੀਆ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੇ ਹਨ। ਰੇਹਲ ਦੀ ਮੌਜੂਦਾ ਹਾਲਤ ਬਾਰੇ Stuff ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਹਾਲਾਂਕਿ ਇਸ ਰਿਪੋਰਟ ਨੂੰ ਸੋਸ਼ਲ ਮੀਡੀਆ ‘ਤੇ ਕੁੱਝ ਲੋਕਾਂ ਨੇ ਰੇਹਲ ਵੱਲੋਂ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
Stuff ਅਨੁਸਾਰ ਦਵਿੰਦਰ ਰੇਹਲ ਲਗਾਤਾਰ ਕਾਨੂੰਨੀ ਕੇਸਾਂ, ਭਾਰੀ ਦੇਣਦਾਰੀਆਂ ਅਤੇ ਦੀਵਾਲੀਆਪਨ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀਆਂ ਮੁਸ਼ਕਲਾਂ Manukau ਦੀ Ribbonwood Cres ਸਥਿਤ ਇੱਕ ਰਿਹਾਇਸ਼ੀ ਜਾਇਦਾਦ ਦੀ ਵਿਕਰੀ ਮਗਰੋਂ ਵਧੀਆਂ। ਉਨ੍ਹਾਂ ਦੀ ਕੰਪਨੀ First Trust Ltd ਵੱਲੋਂ ਵੇਚੇ ਗਏ ਇੱਕ leaky ਘਰ ਦੇ ਮਾਮਲੇ ’ਚ High Court ਅਤੇ Court of Appeal ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਘਰ ਖਰੀਦਣ ਵਾਲੇ ਜੋੜੇ ਅਮਿਤ ਭਾਰਗਵ ਅਤੇ ਰੇਨੂ ਖਜੂਰੀਆ ਨੂੰ ਅਦਾਲਤ ਵੱਲੋਂ ਤੈਅ ਕੀਤਾ 920,000 ਡਾਲਰ ਦਾ ਹਰਜਾਨਾ ਅਜੇ ਤੱਕ ਨਹੀਂ ਮਿਲ ਸਕਿਆ। ਲਿਕਵੀਡੇਟਰ Tony Maginess ਮੁਤਾਬਕ ਕੰਪਨੀ ਸਿਰ ਲਗਭਗ 40 ਮਿਲੀਅਨ ਡਾਲਰ ਦੀਆਂ ਦੇਣਦਾਰੀਆਂ ਹਨ।
ਇਸ ਤੋਂ ਇਲਾਵਾ Great South Rd ਸਥਿਤ ਪ੍ਰਾਪਰਟੀਜ਼ ਅਤੇ Tile+Bath ਕੰਪਨੀ ਦੇ ਸਾਬਕਾ ਭਾਈਵਾਲ ਰੰਜੇ ਸਿੱਕਾ ਨਾਲ ਵੀ ਉਨ੍ਹਾਂ ਦੇ ਵਿੱਤੀ ਵਿਵਾਦ ਸਾਹਮਣੇ ਆਏ ਹਨ। Texas Smokehouse ਦੇ ਮਾਲਕ Suminder ‘Shane’ Sohal ਨਾਲ ਵੀ ਉਨ੍ਹਾਂ ਦਾ ਲੰਮਾ ਅਦਾਲਤੀ ਝਗੜਾ ਚੱਲਿਆ ਹੈ। First Trust Ltd ਦੇ ਲਿਕਵੀਡੇਟਰ Tony Maginess ਪ੍ਰਾਪਰਟੀਜ਼ ਵੇਚ ਕੇ ਕਰਜ਼ੇ ਉਤਾਰਨ ਦੀ ਕੋਸ਼ਿਸ਼ ’ਚ ਹਨ, ਪਰ ਰੇਹਲ ਦੀ ਪਤਨੀ ਜਯੋਤੀ ਜੀਵਨ ਅਤੇ ਬੇਟੇ ਮੋਹਿਤ ਵੱਲੋਂ ਦਾਇਰ ਕੈਵੀਏਟਾਂ ਕਾਰਨ ਮਾਮਲਾ ਉਲਝਿਆ ਹੋਇਆ ਹੈ।
ਗੰਭੀਰ ਮਾਨਸਿਕ ਤਣਾਅ ਅਤੇ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰਹਿ ਰਹੇ ਦਵਿੰਦਰ ਰੇਹਲ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਕੰਗਾਲ ਹੋ ਚੁੱਕੇ ਹਨ ਅਤੇ ਉਹਨਾਂ ਨਾਲ ਧੱਕਾ ਹੋਇਆ ਹੈ। ਉਨ੍ਹਾਂ ਕੋਲ ਵਕੀਲ ਦੀ ਫੀਸ ਭਰਨ ਜੋਗੇ ਡਾਲਰ ਵੀ ਨਹੀਂ ਰਹੇ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਉਹ ਇੱਕ ਦਿਨ ਮੁੜ ਵਾਪਸੀ ਜ਼ਰੂਰ ਕਰਨਗੇ।
