- ਜਗਮੀਤ ਸਿੰਘ ਨੂੰ ਸਾਬਕਾ ਵਰਕਰ ਸੂਰਜ ਗੋਸਵਾਮੀ ਦੇ ਕਾਨੂੰਨੀ ਖਰਚੇ ਭਰਨ ਦੇ ਹੁਕਮ
ਔਕਲੈਂਡ: ਨਿਊਜ਼ੀਲੈਂਡ ਦੀ Employment Relations Authority (ERA) ਨੇ ਰੁਜ਼ਗਾਰ ਨਿਯਮਾਂ ਦੀ ਉਲੰਘਣਾ ਦੇ ਇੱਕ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦਿਆਂ, ਕਾਰੋਬਾਰੀ ਜਗਮੀਤ ਸਿੰਘ ਨੂੰ ਆਪਣੇ ਸਾਬਕਾ ਕਰਮਚਾਰੀ ਸੂਰਜ ਗੋਸਵਾਮੀ ਨੂੰ ਕਾਨੂੰਨੀ ਖਰਚੇ ਅਦਾ ਕਰਨ ਦੇ ਆਦੇਸ਼ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ 31 ਜੁਲਾਈ 2026 ਨੂੰ ਹੋਈ ਸੁਣਵਾਈ ’ਚ ਅਥਾਰਟੀ ਨੇ ਮਾਈਗਰੈਂਟ ਵਰਕਰ ਸੂਰਜ ਗੋਸਵਾਮੀ ਦੇ ਹੱਕ ’ਚ ਫੈਸਲਾ ਦਿੰਦਿਆਂ ਬਕਾਇਆ ਤਨਖਾਹਾਂ, ਪਬਲਿਕ ਛੁੱਟੀਆਂ ਅਤੇ ਸਾਲਾਨਾ ਛੁੱਟੀਆਂ ਦੇ ਭੁਗਤਾਨ ਦਾ ਹੁਕਮ ਦਿੱਤਾ ਸੀ। ਕਿਉਂਕਿ ਮੁੱਖ ਕੰਪਨੀ Moto Kare Limited ਹੁਣ ਲਿਕਵੀਡੇਸ਼ਨ (liquidation) ’ਚ ਹੈ, ਇਸ ਲਈ ਭੁਗਤਾਨ ਦੀ ਸਿੱਧੀ ਜ਼ਿੰਮੇਵਾਰੀ ਜਗਮੀਤ ਸਿੰਘ ’ਤੇ ਪਾਈ ਗਈ ਸੀ, ਜੋ ਕੰਪਨੀ ਦੇ ਕੰਮਕਾਜ, ਕਰਮਚਾਰੀਆਂ ਦੀ ਨਿਗਰਾਨੀ ਅਤੇ payroll ਦਾ ਸੰਚਾਲਨ ਕਰਦੇ ਸਨ।
ਇਸ ਤਾਜ਼ਾ ਫ਼ੈਸਲੇ ’ਚ, ਅਥਾਰਟੀ ਦੇ ਮੈਂਬਰ Simon Greening ਨੇ ਸੂਰਜ ਗੋਸਵਾਮੀ ਵੱਲੋਂ ਦਾਇਰ ਕੀਤੀ ਗਈ ਕਾਨੂੰਨੀ ਲਾਗਤ (costs) ਦੀ ਅਰਜ਼ੀ ’ਤੇ ਵਿਚਾਰ ਕੀਤਾ। ਅਥਾਰਟੀ ਨੇ ਆਪਣੀ ਜਾਂਚ ’ਚ ਪਾਇਆ ਕਿ ਕੰਪਨੀ Moto Kare Limited ਨੇ ਸੂਰਜ ਗੋਸਵਾਮੀ ਦੀ ਸੈਲਰੀ, ਡਿਊਟੀ ਦੇ ਸਮੇਂ ਅਤੇ ਛੁੱਟੀਆਂ ਦਾ ਸਹੀ ਰਿਕਾਰਡ ਪੇਸ਼ ਨਹੀਂ ਕੀਤਾ ਸੀ। ਇਸ ਕਾਰਨ ਸੂਰਜ ਗੋਸਵਾਮੀ ਨੂੰ ਆਪਣੇ ਬਕਾਏ ਦਾ ਦਾਅਵਾ ਸਾਬਤ ਕਰਨ ਲਈ ਪੁਰਾਣੇ ਰਿਕਾਰਡ ਮੁੜ ਇਕੱਠੇ ਕਰਨੇ ਪਏ ਅਤੇ ਵਾਧੂ ਕਾਨੂੰਨੀ ਮਦਦ ਲੈਣੀ ਪਈ, ਜਿਸ ਨਾਲ ਉਨ੍ਹਾਂ ਦਾ ਬੇਲੋੜਾ ਖਰਚਾ ਹੋਇਆ।
ਇਸ ਅਣਗਹਿਲੀ ਦੇ ਮੱਦੇਨਜ਼ਰ ਅਥਾਰਟੀ ਨੇ ਟੈਰਿਫ ਰੇਟ ’ਚ ਵਾਧਾ ਕਰਦੇ ਹੋਏ ਜਗਮੀਤ ਸਿੰਘ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਫੈਸਲੇ ਦੀ ਤਾਰੀਖ ਤੋਂ 28 ਦਿਨਾਂ ਦੇ ਅੰਦਰ ਸੂਰਜ ਗੋਸਵਾਮੀ ਨੂੰ ਕਾਨੂੰਨੀ ਖਰਚਿਆਂ ’ਚ ਯੋਗਦਾਨ ਵਜੋਂ 3,881.25 ਡਾਲਰ ਅਤੇ ਫਾਈਲਿੰਗ ਫੀਸ ਦੇ 71.55 ਡਾਲਰ ਅਦਾ ਕਰਨ।
