ਔਕਲੈਂਡ: ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਦੇਖੀ ਜਾ ਰਹੀ ਗਿਰਾਵਟ ਹੁਣ ਰੁਕ ਸਕਦੀ ਹੈ। Automobile Association (AA) ਮੁਤਾਬਕ, ਰੂਸ ਵੱਲੋਂ ਡੀਜ਼ਲ ਦੇ ਨਿਰਯਾਤ ’ਤੇ ਲਗਾਈ ਗਈ ਪਾਬੰਦੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਬਣ ਗਿਆ ਹੈ।
Gaspy ਦੇ ਤਾਜ਼ਾ ਅੰਕੜਿਆਂ ਅਨੁਸਾਰ, ਸੋਮਵਾਰ ਨੂੰ 91 ਪੈਟਰੋਲ ਦੀ ਔਸਤ ਕੀਮਤ 2.92 ਡਾਲਰ ਪ੍ਰਤੀ ਲੀਟਰ ਰਹੀ, ਜਦਕਿ ਡੀਜ਼ਲ ਦੀ ਔਸਤ ਕੀਮਤ 2.39 ਡਾਲਰ ਦਰਜ ਕੀਤੀ ਗਈ। AA ਦੇ ਬੁਲਾਰੇ Terry Collins ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਇਸ ਫੈਸਲੇ ਨਾਲ ਸਥਾਨਕ ਕੀਮਤਾਂ ’ਤੇ ਦਬਾਅ ਵਧੇਗਾ। ਯੂਕਰੇਨ ਦੇ ਡਰੋਨ ਹਮਲਿਆਂ ਕਾਰਨ ਰੂਸ ਦੀਆਂ ਰਿਫਾਇਨਰੀਆਂ ਪਹਿਲਾਂ ਹੀ ਪ੍ਰਭਾਵਿਤ ਹਨ। ਪਿਛਲੇ ਹਫ਼ਤੇ ਦੇ ਮੱਧ ਵਿੱਚ ਰਿਫਾਈਨਡ ਡੀਜ਼ਲ ਦੀ ਕੀਮਤ 11% ਦੀ ਛਾਲ ਮਾਰ ਕੇ ਲਗਭਗ 154 US ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ।
Terry Collins ਨੇ ਦੱਸਿਆ ਕਿ Strait of Hormuz ਵਿੱਚ ਮੁੜ ਵਧੇ ਤਣਾਅ, ਯੂਰਪ ਵਿੱਚ ਗਰਮੀਆਂ ਦੀ ਵੱਧਦੀ ਮੰਗ ਅਤੇ US ਵਿੱਚ ਹੁਰੀਕੇਨ ਦੇ ਸੀਜ਼ਨ ਕਾਰਨ ਤੇਲ ਦੀਆਂ ਕੀਮਤਾਂ ਹੇਠਾਂ ਜਾਣ ਦੀ ਬਜਾਏ ਉੱਪਰ ਵੱਲ ਜਾ ਸਕਦੀਆਂ ਹਨ, ਜਿਸ ਨਾਲ ਆਰਥਿਕਤਾ ’ਤੇ ਮਹਿੰਗਾਈ ਦਾ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ। ਏਸ਼ੀਆਈ ਬਾਜ਼ਾਰਾਂ ਵਿੱਚ ਕੱਚੇ ਤੇਲ 4% ਦੇ ਵਾਧੇ ਨਾਲ 79 US ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।
