- ਵੀਜ਼ਾ ਮਨਜ਼ੂਰੀ ਦੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਨਾ ਪੜ੍ਹਨ ਕਾਰਨ ਹੋਈ ਗ਼ਲਤੀ
- ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਅਤੇ ਟ੍ਰਿਬਿਊਨਲ ਨੇ ਵੀ ਅਪੀਲ ਨੂੰ ਕੀਤਾ ਖਾਰਜ
ਔਕਲੈਂਡ : ਕੈਨੇਡਾ ’ਚ ਰਹਿ ਰਹੇ ਇੱਕ ਇੰਡੀਅਨ ਜੋੜੇ ਨੇ ਵੀਜ਼ਾ ਮਨਜ਼ੂਰੀ ਦੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਨਾ ਪੜ੍ਹਨ ਕਰਕੇ ਆਪਣੀ ਨਿਊਜ਼ੀਲੈਂਡ ਦੀ ਰੈਜ਼ੀਡੈਂਸੀ ਗੁਆ ਲਈ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜੋੜੇ ਨੇ ਇਮੀਗ੍ਰੇਸ਼ਨ ਟ੍ਰਿਬਿਊਨਲ ਕੋਲ ਅਪੀਲ ਦਾਇਰ ਕੀਤੀ। ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਰੈਜ਼ੀਡੈਂਸੀ ਮਨਜ਼ੂਰ ਹੋਣ ਮਗਰੋਂ ਸਿਰਫ਼ Congratulations ਪੜ੍ਹ ਕੇ ਡਾਕੂਮੈਂਟਸ ਰੱਖ ਦਿੱਤੇ ਸਨ।
Awaaz ਦੀ ਇੱਕ ਰਿਪੋਰਟ ਅਨੁਸਾਰ ਜੋੜੇ ਨੂੰ ਅਪ੍ਰੈਲ 2022 ’ਚ ਸਪੈਸ਼ਲ 2021 ਰੈਜ਼ੀਡੈਂਟ ਵੀਜ਼ਾ ਸਕੀਮ ਤਹਿਤ ਨਿਊਜ਼ੀਲੈਂਡ ਦੀ ਰੈਜ਼ੀਡੈਂਸੀ ਮਿਲੀ ਸੀ। ਪਰ ਮਾਰਚ 2023 ’ਚ ਉਹ ਪਰਿਵਾਰਕ ਮੁਸੀਬਤ ਕਾਰਨ ਕੈਨੇਡਾ ਚਲੇ ਗਏ। ਉੱਥੇ ਰੁਕਣ ਦੌਰਾਨ ਵਿਅਕਤੀ ਨੇ ਵੈਲਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਵੀ ਹੋਇਆ। ਇਸ ਦੌਰਾਨ ਉਹ ਇਹ ਦੇਖਣਾ ਭੁੱਲ ਗਏ ਕਿ ਉਨ੍ਹਾਂ ਦੇ ਵੀਜ਼ੇ ਨਾਲ ਜੁੜੀਆਂ 24 ਮਹੀਨਿਆਂ ਦੀਆਂ ਯਾਤਰਾ ਸ਼ਰਤਾਂ (Travel Conditions) ਕਦੋਂ ਖ਼ਤਮ ਹੋ ਰਹੀਆਂ ਹਨ।
ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੀਜ਼ਾ ਮਨਜ਼ੂਰੀ ਪੱਤਰ ’ਤੇ ਸ਼ਰਤਾਂ ਵੱਲ ਧਿਆਨ ਨਹੀਂ ਦਿੱਤਾ। ਨਤੀਜੇ ਵਜੋਂ, ਅਪ੍ਰੈਲ 2024 ’ਚ ਉਨ੍ਹਾਂ ਦਾ ਵੀਜ਼ਾ ਖ਼ਤਮ ਹੋ ਗਿਆ ਅਤੇ ਜੁਲਾਈ 2025 ’ਚ ਪਰਮਾਨੈਂਟ ਰੈਜ਼ੀਡੈਂਸੀ ਲਈ ਅਪੀਲ ਕਰਨ ਵੇਲੇ ਉਹ ਤੈਅ ਸਮੇਂ ਤੋਂ ਖੁੰਝ ਚੁੱਕੇ ਸਨ।
Immigration New Zealand (INZ) ਅਤੇ ਟ੍ਰਿਬਿਊਨਲ ਨੇ ਉਨ੍ਹਾਂ ਦੀ ਅਪੀਲ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਨਿੱਜੀ ਮੁਸੀਬਤਾਂ ਕਾਰਨ ਸਰਕਾਰੀ ਕਾਨੂੰਨ ਨਹੀਂ ਬਦਲੇ ਜਾ ਸਕਦੇ। ਹਾਲਾਂਕਿ, ਟ੍ਰਿਬਿਊਨਲ ਨੇ ਸੁਝਾਅ ਦਿੱਤਾ ਹੈ ਕਿ ਵਿਅਕਤੀ ਆਪਣੇ ਵੈਲਡਿੰਗ ਦੇ ਹੁਨਰ ਦੇ ਆਧਾਰ ’ਤੇ ਦੁਬਾਰਾ ਵਰਕ ਵੀਜ਼ਾ ਲਈ ਕੋਸ਼ਿਸ਼ ਕਰ ਸਕਦਾ ਹੈ।
