- ਅਮਰੀਕੀ ਅਦਾਲਤ ਦੇ ਸੰਮਨਾਂ ਨੂੰ ਇੰਡੀਆ ਨੇ ਦੱਸਿਆ ‘ਮਨਘੜਤ ਅਤੇ ਬੇਬੁਨਿਆਦ’
ਔਕਲੈਂਡ : ਇੰਡੀਆ ਨੇ ਆਪਣੇ ਦੇਸ਼ ’ਚ ਪਾਬੰਦੀਸ਼ੁਦਾ ਅਮਰੀਕੀ ਸੰਗਠਨ Sikhs for Justice (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਦਾਇਰ ਕੀਤੇ ਗਏ ਦੀਵਾਨੀ ਮੁਕੱਦਮੇ ’ਚ ਇੰਡੀਅਨ ਅਫ਼ਸਰਾਂ ਖ਼ਿਲਾਫ਼ ਜਾਰੀ ਅਮਰੀਕੀ ਅਦਾਲਤੀ ਸੰਮਨਾਂ ਅਤੇ ਆਦੇਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਰਿਪੋਰਟਾਂ ਅਨੁਸਾਰ, US State Department ਨੇ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਰਾਹੀਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਸਾਬਕਾ R&AW ਮੁਖੀ ਸਮੰਤ ਗੋਇਲ ਦੇ ਨਾਂ ’ਤੇ ਸੰਮਨ ਭੇਜੇ ਸਨ। ਇਸ ਤੋਂ ਇਲਾਵਾ, 9 ਨਵੰਬਰ ਨੂੰ US District Court for the Southern District of New York ਦੀ ਜੱਜ Katherine Polk Failla ਨੇ ਪੰਨੂੰ ਨੂੰ ਇੰਡੀਅਨ ਅਦਾਲਤਾਂ ਰਾਹੀਂ ਇਨ੍ਹਾਂ ਅਫ਼ਸਰਾਂ ਨੂੰ ਸੰਮਨ ਭੇਜਣ ਦੀ ਇਜਾਜ਼ਤ ਦਿੱਤੀ ਸੀ। ਪੰਨੂੰ ਨੇ ਸਾਲ 2023 ’ਚ ਆਪਣੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਦੋਸ਼ ਲਗਾਉਂਦੇ ਹੋਏ ਹਰਜ਼ਾਨੇ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਇੰਡੀਅਨ ਨਾਗਰਿਕ ਨਿਖਿਲ ਗੁਪਤਾ ਪਹਿਲਾਂ ਹੀ ਅਮਰੀਕਾ ’ਚ ਦੋਸ਼ ਕਬੂਲ ਚੁੱਕਾ ਹੈ ਅਤੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਸੀ।
ਮੰਗਲਵਾਰ ਨੂੰ ਪ੍ਰੈੱਸ ਬ੍ਰੀਫਿੰਗ ਦੌਰਾਨ Ministry of External Affairs (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇੰਡੀਆ ਆਪਣੇ ਉੱਚ ਅਧਿਕਾਰੀਆਂ ‘ਤੇ ਕੀਤੇ ਗਏ ਇਨ੍ਹਾਂ ਮਨਘੜਤ, ਬੇਬੁਨਿਆਦ ਅਤੇ ਮੰਦਭਾਵਨਾ ਵਾਲੇ ਹਮਲਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ’ਚ ਕਿਸੇ ਵੀ ਨਿਆਂਇਕ ਦਸਤਾਵੇਜ਼ ਦੀ ਤਾਮੀਲ ਸਿਰਫ਼ ਨਿਰਧਾਰਤ ਕੇਂਦਰੀ ਅਥਾਰਟੀ ਭਾਵ Ministry of Law and Justice ਰਾਹੀਂ ਹੀ ਕੀਤੀ ਜਾ ਸਕਦੀ ਹੈ।
