ਆਕਲੈਂਡ : ਨਿਊਜ਼ੀਲੈਂਡ ’ਚ ਇੱਕ ਸਰਕਾਰੀ ਸਮਾਗਮ ਦੌਰਾਨ ਕੀਤਾ ਗਿਆ ‘ਹਾਕਾ’ ਹੁਣ ਵੱਡੇ ਸਿਆਸੀ ਅਤੇ ਨਸਲੀ ਵਿਵਾਦ ’ਚ ਤਬਦੀਲ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਇਹ ਹਾਕਾ ਆਕਲੈਂਡ ’ਚ ਹੋਏ ਇੱਕ ਜਨਤਕ ਸਮਾਗਮ ਦੌਰਾਨ ਕੀਤਾ ਗਿਆ, ਜਿੱਥੇ MP ਪਰਮਜੀਤ ਪਰਮਾਰ ਵੀ ਮੌਜੂਦ ਸੀ ਅਤੇ ਹਾਕਾ ਦਾ ਰੁਖ ਸਿੱਧਾ ਉਸ ਵੱਲ ਮੋੜਿਆ ਗਿਆ।
RNZ ਦੀ ਖ਼ਬਰ ਮੁਤਾਬਕ, Te Pāti Māori ਦੇ ਸਾਬਕਾ ਪ੍ਰਧਾਨ Che Wilson ਵੱਲੋਂ ਕੀਤੇ ਗਏ ਇਸ ਹਾਕਾ ਦੌਰਾਨ ਵਰਤੀ ਗਈ ਇੱਕ ਲਾਈਨ ਨੂੰ ਭਾਰਤੀ ਭਾਈਚਾਰੇ ਵੱਲ ਇਸ਼ਾਰਾ ਕਰਦੀ ਨਸਲੀ ਟਿੱਪਣੀ ਵਜੋਂ ਦੇਖਿਆ ਗਿਆ। ਇਸ ਤੋਂ ਬਾਅਦ ਆਕਲੈਂਡ ਸਮੇਤ ਕਈ ਥਾਵਾਂ ’ਤੇ ਭਾਰਤੀ ਕਮਿਊਨਿਟੀ ਵੱਲੋਂ ਤਿੱਖਾ ਵਿਰੋਧ ਸਾਹਮਣੇ ਆਇਆ ਅਤੇ ਸਵਾਲ ਖੜ੍ਹੇ ਕੀਤੇ ਗਏ ਕਿ ਕੀ ਸੱਭਿਆਚਾਰ ਦੇ ਨਾਂ ’ਤੇ ਕਿਸੇ ਖ਼ਾਸ ਕੌਮ ਨੂੰ ਨਿਸ਼ਾਨਾ ਬਣਾਉਣਾ ਠੀਕ ਹੈ?
Parmjeet Parmar ਨੇ ਇਸ ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਭਾਸ਼ਾ ਦੇਸ਼ ਦੀ ਏਕਤਾ ਲਈ ਖਤਰਾ ਬਣ ਸਕਦੀ ਹੈ ਅਤੇ ਰਾਜਨੀਤੀ ਨੂੰ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ।
ਦੂਜੇ ਪਾਸੇ, Te Pāti Māori ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਹਾਕਾ ਮਾਓਰੀ ਸੱਭਿਆਚਾਰ ਦਾ ਪ੍ਰਗਟਾਵਾ ਹੈ ਅਤੇ ਇਸ ਨੂੰ ਰਾਜਨੀਤਿਕ ਰਾਇ ਦੇ ਤੌਰ ’ਤੇ ਵੀ ਵੇਖਿਆ ਜਾਣਾ ਚਾਹੀਦਾ ਹੈ। ਪਰ ਆਲੋਚਕਾਂ ਦਾ ਮੰਨਣਾ ਹੈ ਕਿ ਜਦੋਂ ਗੱਲ ਨਸਲ ਜਾਂ ਕੌਮ ’ਤੇ ਟਿੱਪਣੀ ਤੱਕ ਪਹੁੰਚ ਜਾਵੇ, ਤਾਂ ਇਹ ਸੱਭਿਆਚਾਰ ਨਹੀਂ ਸਗੋਂ ਨਫ਼ਰਤ ਵਾਲੀ ਰਾਜਨੀਤੀ ਬਣ ਜਾਂਦੀ ਹੈ।
ਇਸ ਘਟਨਾ ਨੇ ਨਿਊਜ਼ੀਲੈਂਡ ਦੀ ਰਾਜਨੀਤੀ ’ਚ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਹਾਕਾ ਹੁਣ ਵੀ ਸਿਰਫ਼ ਸੱਭਿਆਚਾਰ ਦਾ ਪ੍ਰਤੀਕ ਹੈ ਜਾਂ ਫਿਰ ਇਹ ਸਿਆਸੀ ਹਥਿਆਰ ਬਣਦਾ ਜਾ ਰਿਹਾ ਹੈ?
