ਆਕਲੈਂਡ : ਜੁਲਾਈ ਮਹੀਨੇ ਦੌਰਾਨ ਨਿਊਜ਼ੀਲੈਂਡ ’ਚ ਓਵਰਸੀਜ਼ ਸਟੂਡੈਂਟਸ (overseas students) ਦੀ ਗਿਣਤੀ ਪਿਛਲੇ 10 ਸਾਲਾਂ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। Ministry of Business Immigration and Employment (MBIE) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਜੁਲਾਈ ’ਚ ਕੁੱਲ 95,118 ਲੋਕ ਸਟੂਡੈਂਟ ਵੀਜ਼ਾ ’ਤੇ ਨਿਊਜ਼ੀਲੈਂਡ ’ਚ ਮੌਜੂਦ ਸਨ। ਇਹ ਅੰਕੜਾ 2016 ਤੋਂ ਬਾਅਦ ਸਭ ਤੋਂ ਵੱਧ ਹੈ ਅਤੇ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ ਇਸ ’ਚ 9.7% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਅੰਕੜਿਆਂ ’ਚ 47,337 ਫੁੱਲ-ਫੀਸ ਦੇਣ ਵਾਲੇ ਸਟੂਡੈਂਟਸ ਅਤੇ 34,035 ਓਵਰਸੀਜ਼ ਵਰਕਰਾਂ ਦੇ ਬੱਚੇ (dependents) ਸ਼ਾਮਲ ਹਨ। ਫੁੱਲ-ਫੀਸ ਦੇਣ ਵਾਲੇ ਸਟੂਡੈਂਟਸ ਆਮ ਤੌਰ ’ਤੇ tertiary ਅਦਾਰਿਆਂ ’ਚ ਪੜ੍ਹਾਈ ਕਰਨ ਆਉਂਦੇ ਹਨ, ਜਦਕਿ overseas workers ਦੇ ਬੱਚੇ ਸਥਾਨਕ ਸਕੂਲਾਂ ’ਚ ਸਿੱਖਿਆ ਪ੍ਰਾਪਤ ਕਰਦੇ ਹਨ।
ਇਸ ਤੋਂ ਇਲਾਵਾ, MBIE ਦੇ ਅੰਕੜਿਆਂ ਮੁਤਾਬਕ, ਇਸ ਸਾਲ ਜੁਲਾਈ ’ਚ 198,288 ਲੋਕ work visas ’ਤੇ New Zealand ’ਚ ਸਨ। ਇਹ ਪਿਛਲੇ ਸਾਲ ਦੇ ਮੁਕਾਬਲੇ 3.4% ਦਾ ਵਾਧਾ ਹੈ ਅਤੇ 2020 ਤੋਂ ਬਾਅਦ ਜੁਲਾਈ ਮਹੀਨੇ ਲਈ ਸਭ ਤੋਂ ਵੱਡੀ ਗਿਣਤੀ ਹੈ। ਇਨ੍ਹਾਂ ਅੰਕੜਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ’ਚ ਹਰ 5.8 ਓਵਰਸੀਜ਼ ਵਰਕਰਾਂ ਪਿੱਛੇ ਲਗਭਗ ਇੱਕ ਬੱਚਾ ਸਕੂਲ ’ਚ ਪੜ੍ਹ ਰਿਹਾ ਹੈ। ਪਿਛਲੇ ਤਿੰਨ ਸਾਲਾਂ ’ਚ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਹੈ।
