ਨਿਊਜ਼ੀਲੈਂਡ ਦੇ Hastings ਨਾਲ ਸਬੰਧਤ ਇੱਕ ਸ਼ਰਮਨਾਕ ਮਾਮਲੇ ’ਚ ਅਦਾਲਤ ਨੇ ਆਪਣੀ 19 ਸਾਲਾ ਧੀ ’ਤੇ ਅਣਮਨੁੱਖੀ ਤਸ਼ੱਦਦ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Thomas Tama Koroheke Pira ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
Napier District Court ’ਚ ਚੱਲੇ ਮੁਕੱਦਮੇ ਦੌਰਾਨ ਜਿਊਰੀ ਨੇ ਦੋਸ਼ੀ ਨੂੰ ਬਲਾਤਕਾਰ ਦੀ ਕੋਸ਼ਿਸ਼, ਜਿਨਸੀ ਸ਼ੋਸ਼ਣ, ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਸਮੇਤ ਕੁੱਲ 27 ਸੰਗੀਨ ਦੋਸ਼ਾਂ ’ਚ ਦੋਸ਼ੀ ਕਰਾਰ ਦਿੱਤਾ। Judge Russell Collins ਅਨੁਸਾਰ ਦੋਸ਼ੀ ਨੇ ਆਪਣੀ ਧੀ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਾਬੂ ਕਰ ਕੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ।
ਪੀੜਤਾ ਬਚਪਨ ਵਿੱਚ ਆਪਣੇ ਪਿਤਾ ਤੋਂ ਦੂਰ ਰਹੀ ਸੀ। ਉਸ ਉਸ ਨੂੰ ਆਪਣਾ ਆਦਰਸ਼ ਮੰਨਦੀ ਰਹੀ ਅਤੇ ਵੱਡੀ ਹੋ ਕੇ ਉਸ ਨਾਲ ਰਹਿਣ ਗਈ ਸੀ, ਪਰ ਉੱਥੇ ਉਸ ’ਤੇ ਲਗਾਤਾਰ ਅੱਤਿਆਚਾਰ ਸ਼ੁਰੂ ਹੋ ਗਏ। ਇਹ ਖ਼ੁਲਾਸਾ ਉਦੋਂ ਹੋਇਆ ਜਦੋਂ ਲੜਕੀ ਦੇ ਸਾਬਕਾ ਪਾਲਕ ਪਿਤਾ (foster father) ਨੇ ਸ਼ੱਕ ਪੈਣ ’ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਪੀੜਤਾ ਵੱਲੋਂ ਫ਼ੋਨ ਵਿੱਚ ਗੁਪਤ ਤੌਰ ’ਤੇ ਰਿਕਾਰਡ ਕੀਤੀਆਂ ਆਡੀਓਜ਼ ਅਤੇ ਸੱਟਾਂ ਦੀਆਂ ਤਸਵੀਰਾਂ ਨੇ ਦੋਸ਼ੀ ਦੇ ਸਾਰੇ ਦਾਅਵੇ ਝੂਠੇ ਸਾਬਤ ਕਰ ਦਿੱਤੇ।
ਦੱਸਣਯੋਗ ਹੈ ਕਿ Thomas Pira ਪਹਿਲਾਂ ਵੀ 2007 ਵਿੱਚ Edwin Dale Te Haara ਦੇ ਕਤਲ (manslaughter) ਕੇਸ ਵਿੱਚ ਜੇਲ੍ਹ ਕੱਟ ਚੁੱਕਾ ਹੈ। ਪੀੜਤਾ ਨੇ ਦਲੇਰੀ ਦਿਖਾਉਂਦੇ ਹੋਏ ਅਦਾਲਤ ਤੋਂ ਦੋਸ਼ੀ ਦਾ ਨਾਮ ਜਨਤਕ ਕਰਨ ਦੀ ਇਜਾਜ਼ਤ ਲਈ ਤਾਂ ਜੋ ਉਸਦੇ ਗੁਨਾਹ ਦੁਨੀਆ ਸਾਹਮਣੇ ਆ ਸਕਣ।
