ਔਕਲੈਂਡ : ਸੁਪਰਮਾਰਕੀਟਾਂ ਅਤੇ ਰਿਟੇਲ ਸਟੋਰਾਂ ਦੇ ਲੋਇਲਟੀ ਪ੍ਰੋਗਰਾਮ ਗਾਹਕਾਂ ਨਾਲੋਂ ਕੰਪਨੀਆਂ ਲਈ ਕਿਤੇ ਵੱਧ ਫ਼ਾਇਦੇਮੰਦ ਸਾਬਤ ਹੋ ਰਹੇ ਹਨ। ਨਵੀਂ ਖੋਜ ਮੁਤਾਬਕ ਖ਼ਰੀਦਦਾਰ ਛੋਟੇ-ਮੋਟੇ ਇਨਾਮਾਂ ਦੇ ਲਾਲਚ ’ਚ ਆਪਣਾ ਕੀਮਤੀ ਡਾਟਾ ਰਿਟੇਲਰਾਂ ਦੇ ਹੱਥ ਸੌਂਪ ਰਹੇ ਹਨ।
ਹਾਲ ਹੀ ਵਿੱਚ Bunnings ਨੇ ਆਪਣਾ ਨਵਾਂ ਇਨਾਮੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿੱਥੇ 500 ਡਾਲਰ ਖ਼ਰਚਣ ’ਤੇ ਮਹਿਜ਼ 5 ਡਾਲਰ ਦਾ ਇਨਾਮ ਮਿਲਦਾ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ’ਚ Woolworths Everyday Rewards ਵੱਲੋਂ 2,000 points ਇਕੱਠੇ ਕਰਨ ’ਤੇ ਸਿਰਫ਼ 15 ਡਾਲਰ ਦਾ ਵਾਊਚਰ ਦਿੱਤਾ ਜਾਂਦਾ ਹੈ।
RNZ ਦੀ ਇੱਕ ਰਿਪੋਰਟ ’ਚ Edith Cowan University ਦੇ ਪ੍ਰੋਫੈਸਰ Sanjit Roy ਦਸਦੇ ਹਨ ਕਿ ਗਾਹਕਾਂ ਕੋਲ ਚੈੱਕਆਉਟ ’ਤੇ ਨਫ਼ੇ-ਨੁਕਸਾਨ ਦਾ ਮੁਲਾਂਕਣ ਕਰਨ ਦਾ ਸਮਾਂ ਨਹੀਂ ਹੁੰਦਾ, ਜਿਸ ਦਾ ਫ਼ਾਇਦਾ ਕੰਪਨੀਆਂ ਚੁੱਕਦੀਆਂ ਹਨ। ਗਲੋਬਲ loyalty market ਦਾ ਕਾਰੋਬਾਰ 2026 ਦੇ 17.38 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2034 ਤੱਕ 51.65 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਅੱਜ ਦੇ data-driven ਅਤੇ AI ਦੌਰ ’ਚ ਕਾਰਡ ਸਕੈਨ ਕਰਦੇ ਹੀ ਗਾਹਕਾਂ ਦੀ ਖ਼ਰੀਦੋ-ਫ਼ਰੋਖ਼ਤ ਦੀਆਂ ਆਦਤਾਂ ਦਰਜ ਹੋ ਜਾਂਦੀਆਂ ਹਨ।
Consumer NZ ਨੇ ਚੇਤਾਵਨੀ ਦਿੱਤੀ ਹੈ ਕਿ ਕੰਪਨੀਆਂ ਇਸੇ ਡਾਟਾ ਦੀ ਵਰਤੋਂ ਉਨ੍ਹਾਂ ਖੇਤਰਾਂ ’ਚ ਕੀਮਤਾਂ ਵਧਾਉਣ ਲਈ ਕਰ ਸਕਦੀਆਂ ਹਨ ਜਿੱਥੇ ਗਾਹਕ ਵੱਧ ਭੁਗਤਾਨ ਕਰਨ ਲਈ ਤਿਆਰ ਹੁੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਨੂੰ ਗਾਹਕਾਂ ਨੂੰ ਮਹਿਜ਼ ‘ਡਾਟਾ ਪੁਆਇੰਟ’ ਸਮਝਣ ਦੀ ਬਜਾਏ ਅਸਲ ਅਤੇ ਤੁਰੰਤ ਲਾਭ ਦੇ ਕੇ ਭਰੋਸਾ ਕਾਇਮ ਕਰਨਾ ਚਾਹੀਦਾ ਹੈ।
