- 90% ਵੀਜ਼ੇ ਮਿਲਣਗੇ queue ਸਿਸਟਮ ਰਾਹੀਂ
- ਲਾਟਰੀ ਸਿਸਟਮ ਰਾਹੀਂ 10% ਵੀਜ਼ਿਆਂ ਦਾ ਪਹਿਲਾ ਡਰਾਅ 10 ਨਵੰਬਰ ਨੂੰ
ਔਕਲੈਂਡ : ਨਿਊਜ਼ੀਲੈਂਡ (New Zealand) ਸਰਕਾਰ ਨੇ 5 ਅਕਤੂਬਰ ਤੋਂ Parent Resident Visa ਲਈ ਨਵੀਂ ਚੋਣ ਪ੍ਰਣਾਲੀ ਦਾ ਆਗਾਜ਼ ਕਰ ਦਿੱਤਾ ਹੈ। ਸੋਮਵਾਰ ਤੋਂ ਲਾਗੂ ਹੋਏ ਇਸ ਨਵੇਂ ‘ਹਾਈਬ੍ਰਿਡ ਮਾਡਲ’ ਤਹਿਤ, ਸਾਰੀਆਂ ਯੋਗ Expressions of Interest (EOIs) ਨੂੰ ਇੱਕ ਸਿੰਗਲ ਪੂਲ ’ਚ ਤਬਦੀਲ ਕਰ ਦਿੱਤਾ ਗਿਆ ਹੈ।
ਨਵੇਂ ਸਿਸਟਮ ਅਨੁਸਾਰ, ਹੁਣ 90% EOIs ਦੀ ਚੋਣ queue ਸਿਸਟਮ ਰਾਹੀਂ ਮਿਤੀ ਦੇ ਆਧਾਰ ’ਤੇ ਕੀਤੀ ਜਾਵੇਗੀ, ਯਾਨੀ ਜਿਸ ਨੇ ਪਹਿਲਾਂ ਅਪਲਾਈ ਕੀਤਾ ਹੈ ਉਸ ਨੂੰ ਪਹਿਲ ਮਿਲੇਗੀ। ਜਦਕਿ ਬਾਕੀ 10% ਦੀ ਚੋਣ ਪਹਿਲਾਂ ਵਾਂਗ ਰੈਂਡਮ ਬੈਲਟ (random ballot) ਜਾਂ ਲਾਟਰੀ ਸਿਸਟਮ ਰਾਹੀਂ ਹੋਵੇਗੀ। ਹਾਲਾਂਕਿ, ਸਾਲਾਨਾ 2,500 Parent Resident Visas ਦੀ ਲਿਮਿਟ ਬਰਕਰਾਰ ਰੱਖੀ ਗਈ ਹੈ। Immigration New Zealand ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ EOI ਹੋਲਡਰਾਂ ਨੂੰ ਕੁਝ ਵੀ ਨਵਾਂ ਕਰਨ ਦੀ ਲੋੜ ਨਹੀਂ ਹੈ ਅਤੇ ਪਹਿਲਾ ਡਰਾਅ 10 ਨਵੰਬਰ 2026 ਨੂੰ ਕੱਢਿਆ ਜਾਵੇਗਾ।
ਇਸ ਵੱਡੇ ਬਦਲਾਅ ’ਤੇ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਗੱਠਜੋੜ ਸਰਕਾਰ ਦੀ ਭਾਈਵਾਲ ਪਾਰਟੀ ACT ਨੇ ਇਸ ਤਬਦੀਲੀ ਨੂੰ ਸਕਾਰਾਤਮਕ ਦੱਸਿਆ ਹੈ ਪਰ ਬਾਕੀ ਰਹਿੰਦੇ 10% ਲਾਟਰੀ ਸਿਸਟਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ ਹੈ। ACT ਦੀ ਇਮੀਗ੍ਰੇਸ਼ਨ ਬੁਲਾਰੇ ਪਰਮਜੀਤ ਪਰਮਾਰ ਨੇ ਕਿਹਾ ਕਿ ਲਾਟਰੀ ਲਈ 10% ਰਾਖਵਾਂਕਰਨ ਰੱਖਣ ਦਾ ਕੋਈ ਠੋਸ ਕਾਰਨ ਨਹੀਂ ਹੈ, ਕਿਉਂਕਿ ਇਸ ਨਾਲ ਨਵੇਂ ਬਿਨੈਕਾਰ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਪਰਿਵਾਰਾਂ ਤੋਂ ਅੱਗੇ ਨਿਕਲ ਜਾਂਦੇ ਹਨ।
ਪੁਰਾਣੇ ਸਿਸਟਮ ’ਚ ਬਿਨੈਕਾਰਾਂ ਨੂੰ ਲਾਟਰੀ ਜਿੱਤਣ ਦੀ ਉਮੀਦ ’ਚ ਵਾਰ-ਵਾਰ ਅਪਲਾਈ ਕਰ ਕੇ ਫੀਸ ਭਰਨੀ ਪੈਂਦੀ ਸੀ, ਜਿਸ ਨਾਲ ਡੁਪਲੀਕੇਟ ਅਰਜ਼ੀਆਂ ਵੀ ਸਾਹਮਣੇ ਆਈਆਂ ਸਨ। ਹੁਣ ਕਤਾਰ ਪ੍ਰਣਾਲੀ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਅਤੇ ਪਾਰਦਰਸ਼ਤਾ ਮਿਲੇਗੀ ਜੋ ਸਾਲਾਂ ਤੋਂ ਉਡੀਕ ’ਚ ਹਨ। ਇਸ ਤੋਂ ਇਲਾਵਾ, ਸਰਕਾਰ ਨੇ Parent Boost Visitor Visa ਦਾ ਵਿਕਲਪ ਵੀ ਦਿੱਤਾ ਹੋਇਆ ਹੈ, ਪਰ ਸਿਹਤ ਬੀਮੇ ਦੇ ਵੱਧ ਖਰਚਿਆਂ ਕਾਰਨ ਇਸ ਦੀ ਮੰਗ ਸਰਕਾਰ ਦੀਆਂ ਉਮੀਦਾਂ ਨਾਲੋਂ ਕਾਫੀ ਘੱਟ ਰਹੀ ਹੈ।
