Auckland: New Zealand ’ਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਸਿੱਖਿਆ ਰੈਗੂਲੇਟਰ ਸੰਸਥਾ New Zealand Qualifications Authority (NZQA) ਵੱਲੋਂ Auckland ਸਥਿਤ ICL Graduate Business School ’ਚ ਕਈ ਮਾਸਟਰਜ਼ ਪ੍ਰੋਗਰਾਮਾਂ ਦੇ ਨਵੇਂ ਦਾਖਲਿਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ, ਜਿਨ੍ਹਾਂ ਸਟੂਡੈਂਟਸ ਨੂੰ ਪਹਿਲਾਂ ਹੀ ਵੀਜ਼ੇ ਮਿਲ ਚੁੱਕੇ ਹਨ, ਉਨ੍ਹਾਂ ਨੂੰ ਵੀ ਫਿਲਹਾਲ New Zealand ਦੀ ਯਾਤਰਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।
21 ਅਕਤੂਬਰ ਨੂੰ NZQA ਵੱਲੋਂ ਜਾਰੀ ਕੀਤੇ ਗਏ ਕਾਨੂੰਨੀ ਨੋਟਿਸ (compliance notice) ਦੇ ਤਹਿਤ, ਕਾਲਜ ਨੂੰ Master of Management (Healthcare, Marketing, Supply Chain and Logistics Management, Construction Project Management, ਅਤੇ Project Management) ਦੇ ਨਾਲ-ਨਾਲ Master of Management by Thesis ’ਚ ਨਵੇਂ ਦਾਖਲੇ ਤੁਰੰਤ ਰੋਕਣ ਦੇ ਹੁਕਮ ਦਿੱਤੇ ਗਏ ਹਨ।
Immigration New Zealand (INZ) ਦੀ Director Visa, Celia Coombes ਨੇ ਪੁਸ਼ਟੀ ਕੀਤੀ ਹੈ ਕਿ ਪ੍ਰਭਾਵਿਤ ਕੋਰਸਾਂ ਲਈ ਲੰਬਿਤ ਪਈਆਂ ਵੀਜ਼ਾ ਅਰਜ਼ੀਆਂ ’ਤੇ ਹੁਣ ਅੱਗੇ ਕਾਰਵਾਈ ਨਹੀਂ ਹੋ ਸਕੇਗੀ। ਜਿਨ੍ਹਾਂ ਸਟੂਡੈਂਟਸ ਕੋਲ ਵੀਜ਼ਾ ਹੈ ਪਰ ਉਹ ਅਜੇ New Zealand ਨਹੀਂ ਪਹੁੰਚੇ, ਉਹ ਇਸ ਵੀਜ਼ੇ ’ਤੇ ਸਫ਼ਰ ਨਹੀਂ ਕਰ ਸਕਦੇ। INZ ਨੇ ਅਜਿਹੇ ਸਟੂਡੈਂਟਸ ਨੂੰ ਤੁਰੰਤ ਵਿਭਾਗ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਵਿਦਿਆਰਥੀਆਂ ਕੋਲ ਹੁਣ ਆਪਣਾ ਕੋਰਸ ਬਦਲਣ, ਕਿਸੇ ਹੋਰ ਸਿੱਖਿਆ ਸੰਸਥਾ ’ਚ ਦਾਖਲਾ ਲੈਣ, ਨਵਾਂ ਵੀਜ਼ਾ ਅਪਲਾਈ ਕਰਨ ਜਾਂ ਆਪਣੀ ਅਰਜ਼ੀ ਵਾਪਸ ਲੈ ਕੇ ਫੀਸ ਰਿਫੰਡ ਮੰਗਣ ਦੇ ਬਦਲ ਮੌਜੂਦ ਹਨ।
ਦੂਜੇ ਪਾਸੇ, ICL Graduate Business School ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਮਾਨਤਾ ਬਰਕਰਾਰ ਹੈ ਅਤੇ ਜੋ ਸਟੂਡੈਂਟਸ ਪਹਿਲਾਂ ਤੋਂ ਹੀ ਉੱਥੇ ਪੜ੍ਹ ਰਹੇ ਹਨ, ਉਨ੍ਹਾਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ। ਇਸ ਤੋਂ ਇਲਾਵਾ Master of Business Informatics ਵਰਗੇ ਹੋਰ ਕੋਰਸਾਂ ’ਚ ਦਾਖਲੇ ਖੁੱਲ੍ਹੇ ਹਨ। ਕਾਲਜ ਪ੍ਰਬੰਧਕ NZQA ਦੀਆਂ ਸ਼ਰਤਾਂ ਪੂਰੀਆਂ ਕਰ ਕੇ ਇਸ ਪਾਬੰਦੀ ਨੂੰ ਜਲਦ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਸਬੰਧੀ NZQA ਵੱਲੋਂ 27 ਅਕਤੂਬਰ ਨੂੰ ਵਿਸਥਾਰਤ ਰਿਪੋਰਟ ਜਾਰੀ ਕੀਤੇ ਜਾਣ ਦੀ ਉਮੀਦ ਹੈ।
