ਨਿਊਜ਼ੀਲੈਂਡ ’ਚ ERA ਦਾ ਹੁਕਮ ਨਾ ਮੰਨਣ ਵਾਲੇ ਪੰਜਾਬੀ ਮੂਲ ਦੇ ਰੈਸਟੋਰੈਂਟ ਮਾਲਕਾਂ ਨੂੰ ਵੱਡਾ ਝਟਕਾ

Sea7 Nz Team
2 Min Read
  • ਰਿੰਪਲ ਨੂੰ ਵਿਆਜ ਸਮੇਤ ਬਕਾਇਆ ਰਕਮ ਅਤੇ ਜੁਰਮਾਨਾ ਵੀ ਅਦਾ ਕਰਨ ਦੇ ਸਖ਼ਤ ਹੁਕਮ

ਔਕਲੈਂਡ: ਨਿਊਜ਼ੀਲੈਂਡ ਦੀ Employment Relations Authority (ERA) ਨੇ ਲਿਕਵੀਡੇਸ਼ਨ (ਬੰਦ) ਹੋ ਚੁੱਕੀ ਕੰਪਨੀ NZ-Kebabs Limited ਦੇ ਮਾਲਕਾਂ ਗੁਰਸਾਹਿਬ ਸਿੰਘ ਢਿੱਲੋਂ ਅਤੇ ਹਰਪਾਲ ਸਿੰਘ ਬੱਲ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕੰਪਲਾਇੰਸ ਆਰਡਰ ਜਾਰੀ ਕੀਤੇ ਹਨ। ਅਥਾਰਟੀ ਦੇ ਮੈਂਬਰ Simon Greening ਨੇ 16 ਨਵੰਬਰ 2026 ਨੂੰ ਸੁਣਾਏ ਆਪਣੇ ਫੈਸਲੇ ’ਚ ਦੋਵਾਂ ਨੂੰ ਸਾਬਕਾ ਮੁਲਾਜ਼ਮ ਰਿੰਪਲ ਦੇ ਬਕਾਇਆ ਪੈਸੇ ਅਤੇ ਕਾਨੂੰਨੀ ਖਰਚੇ ਤੈਅ ਸਮੇਂ ਅੰਦਰ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਮਾਮਲੇ ਮੁਤਾਬਕ, ਮਾਰਚ 2026 ’ਚ ਅਥਾਰਟੀ ਨੇ ਕੰਪਨੀ ਨੂੰ ਰਿੰਪਲ ਦੀ ਬਿਮਾਰੀ ਦੀ ਛੁੱਟੀ, ਸਾਲਾਨਾ ਛੁੱਟੀਆਂ, ਪਬਲਿਕ ਹਾਲੀਡੇਜ਼, ਮੁਆਵਜ਼ੇ ਅਤੇ ਜੁਰਮਾਨੇ ਵਜੋਂ ਵੱਡੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਸਨ। ਕੰਪਨੀ ਵੱਲੋਂ ਅਦਾਇਗੀ ਨਾ ਕਰਨ ‘ਤੇ ਗੁਰਸਾਹਿਬ ਸਿੰਘ ਢਿੱਲੋਂ ਨੂੰ ਨਿੱਜੀ ਤੌਰ ’ਤੇ 4,577.12 ਡਾਲਰ ਅਦਾ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਜੂਨ 2026 ’ਚ ਗੁਰਸਾਹਿਬ ਸਿੰਘ ਢਿੱਲੋਂ ਨੂੰ 2,500 ਡਾਲਰ ਅਤੇ ਹਰਪਾਲ ਸਿੰਘ ਬੱਲ ਨੂੰ 3,500 ਡਾਲਰ ਕਾਨੂੰਨੀ ਖਰਚੇ ਵਜੋਂ ਦੇਣ ਦੇ ਹੁਕਮ ਹੋਏ ਸਨ, ਪਰ ਦੋਵਾਂ ਨੇ ਕੋਈ ਭੁਗਤਾਨ ਨਹੀਂ ਕੀਤਾ।

ਸੁਣਵਾਈ ਦੌਰਾਨ ਦੋਵਾਂ ਮਾਲਕਾਂ ਨੇ ਆਪਣੀ ਮਾੜੀ ਵਿੱਤੀ ਹਾਲਤ ਦਾ ਹਵਾਲਾ ਦਿੰਦਿਆਂ ਹਰ ਮਹੀਨੇ ਸਿਰਫ਼ 100 ਡਾਲਰ ਦੀ ਕਿਸ਼ਤ ਦੇਣ ਦੀ ਪੇਸ਼ਕਸ਼ ਕੀਤੀ, ਪਰ ਪਹਿਲਾਂ ਰਿੰਪਲ ਵੱਲੋਂ ਦਿੱਤੀ ਗਈ ਕਿਸ਼ਤਾਂ ਦੀ ਪੇਸ਼ਕਸ਼ ਨੂੰ ਇਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ।

ਹੁਣ ERA ਨੇ ਸਖ਼ਤ ਹੁਕਮ ਜਾਰੀ ਕਰਦਿਆਂ ਗੁਰਸਾਹਿਬ ਸਿੰਘ ਢਿੱਲੋਂ ਨੂੰ 5 ਫਰਵਰੀ 2027 ਤੱਕ 4,577.12 ਡਾਲਰ ਅਤੇ 2,500 ਡਾਲਰ ਸਮੇਤ ਵਿਆਜ, ਜਦਕਿ ਹਰਪਾਲ ਸਿੰਘ ਬੱਲ ਨੂੰ 3,500 ਡਾਲਰ ਸਮੇਤ ਵਿਆਜ ਅਦਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਦੋਵਾਂ ਨੂੰ 16 ਦਸੰਬਰ 2026 ਤੱਕ 1,125-1,125 ਡਾਲਰ ਵਾਧੂ ਕਾਨੂੰਨੀ ਖਰਚਾ ਅਤੇ ਗੁਰਸਾਹਿਬ ਸਿੰਘ ਢਿੱਲੋਂ ਨੂੰ 28 ਦਿਨਾਂ ’ਚ 71.55 ਡਾਲਰ ਫਾਈਲਿੰਗ ਫੀਸ ਵੀ ਅਦਾ ਕਰਨੀ ਹੋਵੇਗੀ।

Share This Article
Leave a Comment

Leave a Reply

Your email address will not be published. Required fields are marked *