ਔਕਲੈਂਡ : ਉਮਰ ਸਿਰਫ਼ ਇੱਕ ਗਿਣਤੀ ਹੈ, ਇਸ ਗੱਲ ਨੂੰ 79 ਸਾਲ ਦੀ Maykam Te Moni ਨੇ ਸੱਚ ਕਰ ਦਿਖਾਇਆ ਹੈ। ਇੱਕ ਸਾਲ ਪਹਿਲਾਂ ਤੱਕ ਕਦੇ ਜਿਮ ਦਾ ਮੂੰਹ ਨਾ ਦੇਖਣ ਵਾਲੀ Maykam Te Moni ਨੇ ਨਾ ਸਿਰਫ਼ ਬਾਡੀਬਿਲਡਿੰਗ ਸ਼ੁਰੂ ਕੀਤੀ, ਸਗੋਂ ਖੇਤਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
NZ Herald ਦੀ ਰਿਪੋਰਟ ਅਨੁਸਾਰ ਲਗਭਗ 65 ਸਾਲਾਂ ਤੋਂ ਹੇਅਰਡ੍ਰੈਸਰ ਵਜੋਂ ਕੰਮ ਕਰ ਰਹੀ Maykam Te Moni ਨੇ ਆਪਣੀ ‘ਬਕੇਟ ਲਿਸਟ’ ’ਚ ਕੁਝ ਨਵਾਂ ਜੋੜਨ ਲਈ ਬਾਡੀਬਿਲਡਿੰਗ ਚੁਣੀ। ਸ਼ੁਰੂ ’ਚ ਉਨ੍ਹਾਂ ਦੀ ਧੀ Oriel Pulley, ਜੋ ਖੁਦ ਬਾਡੀਬਿਲਡਰ ਹੈ ਅਤੇ Hibiscus Coast Mixed Martial Arts ਚਲਾਉਂਦੀ ਹੈ, ਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋਇਆ। ਪਰ ਮਾਂ ਦੇ ਜਜ਼ਬੇ ਨੂੰ ਦੇਖਦਿਆਂ ਉਨ੍ਹਾਂ ਨੇ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤਾ।
Maykam Te Moni ਦੱਸਦੀ ਹੈ ਕਿ ਪਹਿਲੀ ਵਾਰ ਸਟੇਜ ‘ਤੇ ਚੜ੍ਹਨ ਵੇਲੇ ਉਨ੍ਹਾਂ ਦੇ ਗੋਡੇ ਕੰਬ ਰਹੇ ਸਨ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਸਖ਼ਤ ਡਾਈਟ, ਦਿਨ ’ਚ ਪੰਜ ਵਾਰ ਮਿਣਿਆ-ਤੋਲਿਆ ਖਾਣਾ, ਅਤੇ ਮਿੱਠੇ, ਆਈਸਕ੍ਰੀਮ ਤੇ ਚਿਪਸ ਤੋਂ ਦੂਰੀ ਬਣਾਉਣਾ ਸੀ। ਕਈ ਵਾਰ ਉਨ੍ਹਾਂ ਦਾ ਮਨ ਹਾਰ ਮੰਨਣ ਦਾ ਹੋਇਆ, ਪਰ ਦ੍ਰਿੜ੍ਹ ਇਰਾਦੇ ਸਦਕਾ ਉਨ੍ਹਾਂ ਨੇ Waikato Regional Natural ਅਤੇ ਫਿਰ ਨੈਸ਼ਨਲ (70-ਪਲੱਸ ਵਰਗ) ’ਚ ਗੋਲਡ ਮੈਡਲ ਆਪਣੇ ਨਾਮ ਕੀਤਾ।
23 ਦਸੰਬਰ ਨੂੰ 80 ਸਾਲ ਦੀ ਹੋਣ ਜਾ ਰਹੀ Maykam Te Moni ਅਗਲੇ ਸਾਲ ਆਪਣੀ ਧੀ ਅਤੇ ਪੋਤੀ ਨਾਲ ਮਿਲ ਕੇ ਤਿੰਨ ਪੀੜ੍ਹੀਆਂ ਦੀ ਟੀਮ ਵਜੋਂ ਸਟੇਜ ‘ਤੇ ਉਤਰਨਾ ਚਾਹੁੰਦੀ ਹੈ। ਉਨ੍ਹਾਂ ਦੀ ਨਜ਼ਰ Dubai ’ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ‘ਤੇ ਵੀ ਹੈ। ਆਪਣੇ ਪਤੀ John ਅਤੇ ਪੋਤੀ Jonah ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਉਨ੍ਹਾਂ ਸੁਨੇਹਾ ਦਿੱਤਾ ਕਿ ਜ਼ਿੰਦਗੀ ’ਚ ਕੁਝ ਨਵਾਂ ਸ਼ੁਰੂ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ।
