ਨਿਊਜ਼ੀਲੈਂਡ ’ਚ ਨੌਕਰੀਆਂ ਨਾ ਮਿਲਣ ਕਾਰਨ ਨਰਸਿੰਗ ਗ੍ਰੈਜੂਏਟ ਹੋਰ ਖੇਤਰਾਂ ’ਚ ਕੰਮ ਕਰਨ ਲਈ ਮਜਬੂਰ

Sea7 Nz Team
2 Min Read

ਔਕਲੈਂਡ : ਸਿਹਤ ਖੇਤਰ ’ਚ ਸਟਾਫ਼ ਦੀ ਭਾਰੀ ਕਮੀ ਦੀਆਂ ਰਿਪੋਰਟਾਂ ਦੇ ਬਾਵਜੂਦ New Zealand ’ਚ ਨਵੇਂ ਗ੍ਰੈਜੂਏਟ ਹੋਏ ਐਨਰੋਲਡ ਨਰਸਾਂ (EN) ਨੂੰ ਨੌਕਰੀਆਂ ਲਈ ਭਾਰੀ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਆਪਣਾ ਗੁਜ਼ਾਰਾ ਚਲਾਉਣ ਲਈ ਕਈ ਨਰਸਿੰਗ ਗ੍ਰੈਜੂਏਟ ਉਸਾਰੀ ਵਾਲੀਆਂ ਥਾਵਾਂ (building sites) ਅਤੇ ਬਾਰਾਂ ’ਚ ਕੰਮ ਕਰਨ ਲਈ ਮਜਬੂਰ ਹਨ।

NZ Herald ਦੀ ਇੱਕ ਰਿਪੋਰਟ ਅਨੁਸਾਰ 18 ਮਹੀਨਿਆਂ ਦਾ ਐਨਰੋਲਡ ਨਰਸਿੰਗ ਡਿਪਲੋਮਾ ਕਰਨ ਵਾਲੇ ਵਿਦਿਆਰਥੀ ਮਰੀਜ਼ਾਂ ਦੀ ਦੇਖਭਾਲ ਅਤੇ ਦਵਾਈਆਂ ਦੇਣ ਦੇ ਯੋਗ ਹੁੰਦੇ ਹਨ, ਪਰ ਉਨ੍ਹਾਂ ਨੂੰ ਸਿਹਤ ਖੇਤਰ ’ਚ ਮੌਕੇ ਨਹੀਂ ਮਿਲ ਰਹੇ। Taranaki ਦੇ Western Institute of Technology ਤੋਂ ਇਸ ਸਾਲ ਦੇ ਸ਼ੁਰੂ ’ਚ ਗ੍ਰੈਜੂਏਟ ਹੋਈ 56 ਸਾਲਾ Shelley Slater ਨੇ Health New Zealand ਦੇ ਪੋਰਟਲ ਅਤੇ ਪ੍ਰਾਈਵੇਟ ਸੈਕਟਰ ’ਚ ਦਰਜਨਾਂ ਅਰਜ਼ੀਆਂ ਦਿੱਤੀਆਂ, ਪਰ ਕੋਈ ਸਫ਼ਲਤਾ ਨਾ ਮਿਲੀ। ਅਖੀਰ ਮਾਨਸਿਕ ਤਣਾਅ ਅਤੇ ਕਰਜ਼ੇ ਦੇ ਬੋਝ ਕਾਰਨ ਉਸ ਨੂੰ ਮੈਡੀਕਲ ਵਰਦੀ ਛੱਡ ਕੇ ਉਸਾਰੀ ਵਾਲੀ ਥਾਂ ‘ਤੇ ਕੰਮ ਕਰਨਾ ਪਿਆ।

ਇਸੇ ਤਰ੍ਹਾਂ 2024 ’ਚ ਗ੍ਰੈਜੂਏਟ ਹੋਈ Sam Hoogeboom ਨੂੰ 2025 ’ਚ Taranaki Base Hospital ’ਚ ਸਿਰਫ਼ 12 ਮਹੀਨਿਆਂ ਦਾ ਆਰਜ਼ੀ ਕੰਟਰੈਕਟ ਮਿਲਿਆ। ਉਸ ਨੇ ਦੱਸਿਆ ਕਿ ਉਸ ਦੇ 24 ਵਿਦਿਆਰਥੀਆਂ ਦੇ ਬੈਚ ਵਿੱਚੋਂ ਜ਼ਿਆਦਾਤਰ ਨੂੰ ਨੌਕਰੀ ਨਹੀਂ ਮਿਲੀ। ਹੁਣ ਉਹ Hāwera ਦੇ ਇੱਕ ਜਨਰਲ ਪ੍ਰੈਕਟਿਸ ’ਚ ਕੰਮ ਕਰ ਰਹੀ ਹੈ।

ਨਰਸਾਂ ਦੀ ਯੂਨੀਅਨ ਦੀ ਮੈਂਬਰ Glenda Houston ਨੇ ਇਸ ਸਥਿਤੀ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਐਨਰੋਲਡ ਨਰਸਾਂ ਦੀ ਪੂਰੀ ਸਮਰੱਥਾ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਯੂਨੀਅਨ ਨੇ ਸਿਹਤ ਮੰਤਰੀ Simeon Brown ਨਾਲ ਮੁਲਾਕਾਤ ਕਰਕੇ ਠੋਸ ਵਰਕਫੋਰਸ ਯੋਜਨਾ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਨੈਸ਼ਨਲ ਚੀਫ਼ ਨਰਸ Nadine Gray ਨੇ ਭਰੋਸਾ ਦਿੱਤਾ ਕਿ Health NZ ਨਰਸਾਂ ਦੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਮਾਡਲਾਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਸਾਰੇ ਜ਼ਿਲ੍ਹਿਆਂ ’ਚ ਪਹਿਲੇ ਸਾਲ ਦਾ ਸਪੋਰਟ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *