Auckland: New Zealand ’ਚ ਇੱਕ ਹਿੰਸਕ ਲੁੱਟ-ਖੋਹ ਦਾ ਸ਼ਿਕਾਰ ਹੋਏ 22 ਸਾਲ ਦੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਗੁਰਲੀਨ ਬਾਹੀਆ ’ਤੇ ਹੁਣ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਗੁਰਲੀਨ ਬਾਹੀਆ ਪੰਜਾਬ ਤੋਂ ਸਾਲ 2024 ’ਚ ਪੜ੍ਹਾਈ ਲਈ New Zealand ਆਇਆ ਸੀ। Level 5 Diploma ਪੂਰਾ ਕਰਨ ਤੋਂ ਬਾਅਦ ਉਸ ਨੇ Level 7 Diploma ’ਚ ਦਾਖ਼ਲਾ ਲਿਆ, ਪਰ ਪਰਿਵਾਰਕ ਸਮੱਸਿਆਵਾਂ ਕਾਰਨ ਕਲਾਸਾਂ ਛੁੱਟਣ ਕਰਕੇ ਉਹ ਕੋਰਸ ਪੂਰਾ ਨਹੀਂ ਕਰ ਸਕਿਆ। ਇਸ ਕਾਰਨ Immigration New Zealand ਨੇ ਉਸ ਦੀਆਂ ਵੀਜ਼ਾ ਵਧਾਉਣ ਅਤੇ ਨਵੇਂ ਵੀਜ਼ੇ ਦੀਆਂ ਐਪਲੀਕੇਸ਼ਨਾਂ ਰੱਦ ਕਰ ਦਿੱਤੀਆਂ।
RNZ ਦੀ ਇੱਕ ਰਿਪੋਰਟ ਅਨੁਸਾਰ ਬੀਤੀ 19 ਅਕਤੂਬਰ ਨੂੰ Manukau ਦੇ ਇੱਕ ਕਾਰਪਾਰਕ ’ਚ ਕੁਝ ਹਮਲਾਵਰਾਂ ਨੇ ਗੁਰਲੀਨ ਬਾਹੀਆ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਉਂਗਲ ‘ਤੇ ਚਾਕੂ ਮਾਰਿਆ, ਸਿਰ ‘ਤੇ ਵਾਰ ਕੀਤੇ ਅਤੇ ਫ਼ੋਨ, ਬਟੂਆ ਤੇ ਪਾਸਪੋਰਟ ਲੁੱਟ ਲਿਆ। ਪੁਲਿਸ ਨੇ ਉਸ ਨੂੰ Middlemore Hospital ’ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਸਰਜਰੀ ਹੋਈ। ਇਸੇ ਦੌਰਾਨ ਉਸ ’ਤੇ ਚੋਰੀ ਦੇ ਪੰਜ ਮਾਮਲੇ ਵੀ ਦਰਜ ਹਨ। ਗੁਰਲੀਨ ਬਾਹੀਆ ਅਨੁਸਾਰ, ਉਸ ਦੀ ਇੱਕ ਫਲੈਟਮੇਟ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੀ ਕਾਰ ਵਰਤ ਕੇ ਪੈਟਰੋਲ ਚੋਰੀ ਕੀਤਾ ਸੀ।

ਇਸ ਮਹੀਨੇ ਅਦਾਲਤ ’ਚ ਪੇਸ਼ੀ ਦੌਰਾਨ Immigration New Zealand ਨੇ ਉਸ ਨੂੰ ਡਿਪੋਰਟੇਸ਼ਨ ਆਰਡਰ ਥਮਾ ਦਿੱਤਾ। ਫ਼ਿਲਹਾਲ ਉਹ ਦੋਸਤਾਂ ਕੋਲ ਰਹਿ ਰਿਹਾ ਹੈ ਅਤੇ ਸਥਾਨਕ ਗੁਰਦੁਆਰਾ ਸਾਹਿਬ ਤੋਂ ਮਦਦ ਲੈ ਰਿਹਾ ਹੈ। ਇਮੀਗ੍ਰੇਸ਼ਨ ਸਲਾਹਕਾਰ ਜਗਦੀਪ ਸਿੰਘ ਸਿੱਧੂ ਨੇ ਡਿਪੋਰਟੇਸ਼ਨ ਰੱਦ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ। ਉੱਥੇ ਹੀ, Immigration New Zealand ਦੇ ਅਧਿਕਾਰੀ Steve Watson ਨੇ ਕਿਹਾ ਕਿ ਅਦਾਲਤੀ ਫ਼ੈਸਲੇ ਤੋਂ ਬਾਅਦ ਹੀ ਡਿਪੋਰਟੇਸ਼ਨ ਬਾਰੇ ਅਗਲੀ ਕਾਰਵਾਈ ਹੋਵੇਗੀ। ਗੁਰਲੀਨ ਬਾਹੀਆ ਨੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਇੱਕ ਮੌਕੇ ਦੀ ਅਪੀਲ ਕੀਤੀ ਹੈ।
