ਆਕਲੈਂਡ : ਨਿਊਜ਼ੀਲੈਂਡ ’ਚ ਰਹਿ ਰਹੇ 30 ਤੋਂ ਵੱਧ ਇੰਡੀਅਨ ਮਾਇਗਰੈਂਟ ਵਰਕਰਜ਼, ਜਿਨ੍ਹਾਂ ’ਚ ਜ਼ਿਆਦਾਤਰ ਟਰੱਕ ਡਰਾਈਵਰ ਹਨ, ਦੇ ਭਵਿੱਖ ‘ਤੇ ਗਹਿਰਾ ਸੰਕਟ ਛਾ ਗਿਆ ਹੈ। ਇਨ੍ਹਾਂ ਵਰਕਰਜ਼ ਨੇ ਸਾਊਥ ਔਕਲੈਂਡ (Takanini) ਦੀ ਇੱਕ ਗੈਰ-ਲਾਇਸੈਂਸੀ ਇਮੀਗ੍ਰੇਸ਼ਨ ਸਲਾਹਕਾਰ ਸੁਖਦੀਪ ਕੌਰ ਗਿੱਲ ’ਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ Immigration New Zealand (INZ) ਨੂੰ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ।
Stuff ਦੀ ਇੱਕ ਰਿਪੋਰਟ ਅਨੁਸਾਰ ਪੀੜਤ ਵਰਕਰ ਆਪਣੇ ਤਿੰਨ ਸਾਲਾਂ ਦੇ ਵਰਕ ਵੀਜ਼ੇ ’ਚ ਦੋ ਸਾਲ ਦਾ ਵਾਧਾ (extension) ਚਾਹੁੰਦੇ ਸਨ, ਜਿਸ ਲਈ ਨਵੇਂ ਨਿਯਮਾਂ ਤਹਿਤ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਸਾਬਤ ਕਰਨਾ ਲਾਜ਼ਮੀ ਸੀ। ਇੱਕ ਪੀੜਤ ਬਲਰਾਜ ਸਿੰਘ ਅਨੁਸਾਰ, ਉਹ ਕਦੇ ਕੈਨੇਡਾ ਨਹੀਂ ਗਿਆ, ਪਰ ਉਸ ਦੀ ਫਾਈਲ ’ਚ ਵੈਨਕੂਵਰ ਦੇ Canadian College of English Language ਦਾ ਜਾਅਲੀ ਸਰਟੀਫਿਕੇਟ ਲਗਾ ਦਿੱਤਾ ਗਿਆ। ਬਲਰਾਜ ਹੁਣ ਬੇਰੁਜ਼ਗਾਰ ਹੋ ਗਿਆ ਹੈ। ਕਈ ਹੋਰ ਐਪਲੀਕੈਂਟਸ ਦੇ Pearson Test ਦੇ ਅਸਲ ਅੰਕਾਂ ਨਾਲ ਛੇੜਛਾੜ ਕਰ ਕੇ ਜਾਅਲੀ ਸਕੋਰ ਜਮ੍ਹਾਂ ਕਰਵਾਏ ਗਏ।

Tegh Law ਦੀ ਲਾਇਸੈਂਸਸ਼ੁਦਾ ਸਲਾਹਕਾਰ ਮਹਿਕ ਸਿੰਘ (ਜੋ 20 ਪੀੜਤਾਂ ਦਾ ਕੇਸ ਲੜ ਰਹੀ ਹੈ), ਵਕੀਲ Alistair McClymont ਅਤੇ ਸਲਾਹਕਾਰ ਇੰਦਰਜੀਤ ਮਠਾੜੂ ਅਨੁਸਾਰ, ਸੁਖਦੀਪ ਕੌਰ ਗਿੱਲ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਵਕੀਲ ਦੱਸ ਕੇ ਵਰਕਰਾਂ ਤੋਂ 800 ਤੋਂ 2000 ਡਾਲਰ ਤੱਕ ਵਸੂਲੇ। ਉਸ ਨੇ ਬਿਨੈਕਾਰਾਂ ਦੇ ਈਮੇਲ ਪਤੇ ਅਤੇ ਫ਼ੋਨ ਨੰਬਰ ਵੀ ਬਦਲ ਦਿੱਤੇ, ਜਿਸ ਕਾਰਨ INZ ਵੱਲੋਂ ਭੇਜੇ ਗਏ ਇਤਰਾਜ਼ ਪੱਤਰ ਕਾਮਿਆਂ ਤੱਕ ਨਹੀਂ ਪਹੁੰਚੇ।

ਮਾਇਗਰੈਂਟ ਵਿਕਰਮਜੀਤ ਸਿੰਘ (ਵਿਚਕਾਰ) ਅਤੇ ਉਸ ਦੀ ਇਮੀਗ੍ਰੇਸ਼ਨ ਸਲਾਹਕਾਰ, Tegh Law ਦੀ ਮਹਿਕ ਸਿੰਘ (ਖੱਬੇ ਪਾਸੇ) ਅਤੇ ਬਲਰਾਜ ਸਿੰਘ (ਸੱਜੇ ਪਾਸੇ)। (Source : Stuff)
INZ ਦੇ ਸਖ਼ਤ ਨਿਯਮਾਂ ਕਾਰਨ ਇਨ੍ਹਾਂ ਵਰਕਰਾਂ ਦੇ ਵੀਜ਼ੇ ਅਤੇ Section 61 ਦੀਆਂ ਅਪੀਲਾਂ ਰੱਦ ਹੋ ਚੁੱਕੀਆਂ ਹਨ। ਵਿਕਰਮਜੀਤ ਸਿੰਘ ਅਤੇ ਮਨਿੰਦਰ ਸਿੰਘ ਸਮੇਤ ਕਈ ਕਾਮੇ ਹੁਣ ਉੱਥੇ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਲਈ ਮਜਬੂਰ ਹਨ ਅਤੇ ਬੇਰੁਜ਼ਗਾਰ ਹੋ ਚੁੱਕੇ ਹਨ। ਪ੍ਰਵਾਸੀ ਮਾਮਲਿਆਂ ਦੇ ਕਾਰਕੁਨ Sunny Sehgal ਨੇ ਵੀ ਪੈਸੇ ਵਾਪਸ ਕਰਨ ਅਤੇ ਕੇਸਾਂ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਸੁਖਦੀਪ ਕੌਰ ਗਿੱਲ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਦੂਜੇ ਪਾਸੇ, ਸੁਖਦੀਪ ਕੌਰ ਗਿੱਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਆਪਣੇ ਖਿਲਾਫ਼ ਇੱਕ ਸਾਜ਼ਿਸ਼ ਦੱਸਿਆ ਹੈ। ਸੁਖਦੀਪ ਕੌਰ ਗਿੱਲ ਨੇ ਦਾਅਵਾ ਕੀਤਾ ਕਿ ਉਹ ਬਲਰਾਜ ਸਿੰਘ ਜਾਂ ਵਿਕਰਮਜੀਤ ਸਿੰਘ ਨੂੰ ਕਦੇ ਮਿਲੀ ਹੀ ਨਹੀਂ ਹੈ, ਜਦੋਂਕਿ ਬਲਰਾਜ ਸਿੰਘ ਕੋਲ ਉਸ ਨਾਲ ਹੋਈ ਗੱਲਬਾਤ ਦੇ WhatsApp ਮੈਸੇਜ, ਬੈਂਕ ਰਿਕਾਰਡ (1600 ਡਾਲਰ ਦੀ ਫੀਸ ਦੀ ਰਸੀਦ) ਅਤੇ ਕਾਲ ਰਿਕਾਰਡਿੰਗਜ਼ ਮੌਜੂਦ ਹਨ। ਸੁਖਦੀਪ ਕੌਰ ਗਿੱਲ ਨੇ ਕਿਹਾ ਕਿ “ਚੈਟਾਂ ਅਤੇ ਮੈਸੇਜਾਂ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ।”
ਉਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਸ ਨੇ ਕਦੇ ਆਪਣੇ ਆਪ ਨੂੰ ਵਕੀਲ ਦੱਸਿਆ ਹੈ, ਕਿਸੇ ਨੂੰ ਇਮੀਗ੍ਰੇਸ਼ਨ ਸਲਾਹ ਦਿੱਤੀ ਹੈ, ਜਾਂ Immigration New Zealand (INZ) ਕੋਲ ਕਿਸੇ ਵੀ ਵਿਅਕਤੀ ਵੱਲੋਂ ਫਾਈਲ ਲਗਾਈ ਹੈ। ਜਦੋਂ Tegh Law ਦੇ ਇੱਕ ਕਰਮਚਾਰੀ ਨੇ ਗਾਹਕ ਬਣ ਕੇ ਸੁਖਦੀਪ ਕੌਰ ਗਿੱਲ ਨੂੰ ਫ਼ੋਨ ਕੀਤਾ ਸੀ (ਜਿਸ ਵਿੱਚ ਉਸ ਨੇ ਕਥਿਤ ਤੌਰ ‘ਤੇ ਮਦਦ ਕਰਨ ਦੇ ਬਦਲੇ ਘੱਟੋ-ਘੱਟ 800 ਡਾਲਰ ਮੰਗੇ ਸਨ), ਤਾਂ ਸੁਖਦੀਪ ਕੌਰ ਗਿੱਲ ਨੇ ਅਜਿਹੀ ਕਿਸੇ ਵੀ ਫ਼ੋਨ ਕਾਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੁਖਦੀਪ ਕੌਰ ਗਿੱਲ ਨੇ ਇਹ ਵੀ ਕਿਹਾ ਕਿ Immigration New Zealand (INZ) ਵੱਲੋਂ ਅਜੇ ਤੱਕ ਇਸ ਮਾਮਲੇ ’ਚ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ। (ਇਸ ਦੇ ਨਾਲ ਹੀ, ਉਸ ਵਰਗੇ ਮਿਲਦੇ-ਜੁਲਦੇ ਨਾਮ ਵਾਲੀ ਇੱਕ ਲਾਇਸੈਂਸਸ਼ੁਦਾ ਸਲਾਹਕਾਰ ਸੁਖਪ੍ਰੀਤ ਕੌਰ ਗਿੱਲ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।)
ਫਿਲਹਾਲ INZ ਦੇ ਅਧਿਕਾਰੀ Jason Perry ਅਤੇ Immigration Advisers Authority (IAA) ਦੇ Bevan Yee ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ, ਅਤੇ ਪੀੜਤਾਂ ਕੋਲ ਹੁਣ ਸਿਰਫ਼ Associate Minister of Immigration ਕੋਲ ਦਖਲਅੰਦਾਜ਼ੀ ਦੀ ਅਪੀਲ ਕਰਨ ਦਾ ਆਖਰੀ ਰਸਤਾ ਬਚਿਆ ਹੈ।
