ਨਿਊਜ਼ੀਲੈਂਡ ’ਚ ਪੰਜਾਬੀ ਵਰਕਰ ਦੀ ਵੱਡੀ ਕਾਨੂੰਨੀ ਜਿੱਤ, ਕੰਪਨੀ ਅਤੇ ਡਾਇਰੈਕਟਰਾਂ ਨੂੰ ਕਾਨੂੰਨੀ ਖਰਚੇ ਵਜੋਂ 8,500 ਡਾਲਰ ਹੋਰ ਦੇਣ ਦੇ ਹੁਕਮ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੀ Employment Relations Authority (ERA) ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਾਬਕਾ ਪੰਜਾਬੀ ਵਰਕਰ ਗੁਰਦੇਵ ਸਿੰਘ ਅਰੋੜਾ ਦੇ ਹੱਕ ’ਚ ਕਾਨੂੰਨੀ ਖਰਚਿਆਂ (Costs) ਦਾ ਐਲਾਨ ਕੀਤਾ ਹੈ। ਅਥਾਰਟੀ ਦੇ ਮੈਂਬਰ Sarah Blick ਨੇ 12 ਨਵੰਬਰ 2026 ਨੂੰ ਜਾਰੀ ਕੀਤੇ ਹੁਕਮਾਂ ’ਚ ਕੰਪਨੀ PA Service 2018 Limited (ਜੋ ਹੁਣ ਲਿਕੁਇਡੇਸ਼ਨ ’ਚ ਹੈ) ਅਤੇ ਇਸ ਦੇ ਦੋ ਡਾਇਰੈਕਟਰਾਂ ਅਮਨਦੀਪ ਅਤੇ ਹਰਪ੍ਰੀਤ ਸਿੰਘ ਲੂਥਰਾ ਨੂੰ 14 ਦਿਨਾਂ ਦੇ ਅੰਦਰ 8,500 ਡਾਲਰ ਕਾਨੂੰਨੀ ਖਰਚੇ ਅਤੇ 71.55 ਡਾਲਰ ਐਪਲੀਕੇਸ਼ਨ ਫੀਸ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਪਹਿਲਾਂ 28 ਸਤੰਬਰ 2026 ਦੇ ਫੈਸਲੇ ’ਚ ਅਥਾਰਟੀ ਨੇ ਰੁਜ਼ਗਾਰ ਮਾਪਦੰਡਾਂ ਦੀ ਉਲੰਘਣਾ ਦੇ ਮਾਮਲੇ ’ਚ PA Service 2018 Limited ਨੂੰ ਗੁਰਦੇਵ ਸਿੰਘ ਅਰੋੜਾ ਦੀ ਬਕਾਇਆ ਸੈਲਰੀ ਅਤੇ ਛੁੱਟੀਆਂ ਦੀ ਰਕਮ ਵਜੋਂ ਕੁੱਲ 60,656.60 ਡਾਲਰ (56,103.32 ਡਾਲਰ ਤਨਖਾਹ ਅਤੇ 4,553.28 ਡਾਲਰ ਸਾਲਾਨਾ ਛੁੱਟੀਆਂ ਦੇ ਬਕਾਏ) ਦੇਣ ਦਾ ਹੁਕਮ ਦਿੱਤਾ ਸੀ। ਕੰਪਨੀ ਵੱਲੋਂ ਪੈਸੇ ਨਾ ਦੇਣ ਦੀ ਸੂਰਤ ’ਚ ਦੋਵੇਂ ਡਾਇਰੈਕਟਰਾਂ ਅਮਨਦੀਪ ਅਤੇ ਹਰਪ੍ਰੀਤ ਸਿੰਘ ਲੂਥਰਾ ਨੂੰ ਨਿੱਜੀ ਤੌਰ ‘ਤੇ ਇਸ ਰਕਮ ਦੀ ਅਦਾਇਗੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਅਰੁਣਜੀਵ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਅਰੋੜਾ ਦਾ ਇਸ ਕੇਸ ’ਤੇ 15,000 ਡਾਲਰ ਤੋਂ ਵੱਧ ਦਾ ਕਾਨੂੰਨੀ ਖਰਚਾ ਆਇਆ ਸੀ ਅਤੇ ਉਨ੍ਹਾਂ ਨੇ ਡਾਇਰੈਕਟਰਾਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ 14,500 ਡਾਲਰ ਦੀ ਮੰਗ ਕੀਤੀ ਸੀ। ਜਾਂਚ ਮੀਟਿੰਗਾਂ ਦੌਰਾਨ ਅਮਨਦੀਪ ਕਦੇ ਪੇਸ਼ ਨਹੀਂ ਹੋਇਆ ਅਤੇ ਹਰਪ੍ਰੀਤ ਸਿੰਘ ਲੂਥਰਾ ਵੀ ਆਖਰੀ ਸੁਣਵਾਈ ਤੋਂ ਗੈਰ-ਹਾਜ਼ਰ ਰਿਹਾ।

ਅਥਾਰਟੀ ਦੀ ਮੈਂਬਰ Sarah Blick ਨੇ ਸਾਰੇ ਤੱਥਾਂ ਨੂੰ ਵਿਚਾਰਦਿਆਂ ਦੋ ਅਧੂਰੇ ਦਿਨਾਂ ਅਤੇ ਇੱਕ ਪੂਰੇ ਦਿਨ ਦੀ ਸੁਣਵਾਈ ਦੇ ਆਧਾਰ ‘ਤੇ 8,500 ਡਾਲਰ ਦਾ ਖਰਚਾ ਮਨਜ਼ੂਰ ਕੀਤਾ ਹੈ, ਜਿਸ ਲਈ ਕੰਪਨੀ ਅਤੇ ਦੋਵੇਂ ਡਾਇਰੈਕਟਰ ਸਾਂਝੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।

TAGGED:
Share This Article
Leave a Comment

Leave a Reply

Your email address will not be published. Required fields are marked *