ਵੈਲਿੰਗਟਨ : New Zealand ਦੀ Employment Relations Authority (ERA) ਨੇ ਇੱਕ ਮਾਇਗਰੈਂਟ ਮਹਿਲਾ ਵਰਕਰ ਦੇ ਸ਼ੋਸ਼ਣ, ਤਨਖਾਹ ਨਾ ਦੇਣ ਅਤੇ ਨੌਕਰੀ ਬਦਲੇ ਗੈਰ-ਕਾਨੂੰਨੀ ਪੈਸੇ ਵਸੂਲਣ ਦੇ ਗੰਭੀਰ ਮਾਮਲੇ ’ਚ Shree Enterprises Limited ਅਤੇ ਇਸ ਨਾਲ ਜੁੜੇ ਅਮਿਤਕੁਮਾਰ ਜਗਦੀਸ਼ਕੁਮਾਰ ਪਟੇਲ ਅਤੇ ਪ੍ਰਿਅੰਕਾਬੇਨ ਰਮੇਸ਼ਭਾਈ ਪਟੇਲ ਨੂੰ ਕੁੱਲ 30,500 ਨਿਊਜ਼ੀਲੈਂਡ ਡਾਲਰ ਦਾ ਜੁਰਮਾਨਾ ਲਗਾਇਆ ਹੈ।
Authority ਦੇ ਮੈਂਬਰ Claire English ਵੱਲੋਂ ਜਾਰੀ ਕੀਤੇ ਫੈਸਲੇ ਅਨੁਸਾਰ, ਦੋਸ਼ੀਆਂ ਨੇ India ਮੂਲ ਦੀ ਕਰਮਚਾਰੀ ਕਾਮਿਨੀਬੇਨ ਸੰਜੇਕੁਮਾਰ ਨਾਈ ਨੂੰ ਨੌਕਰੀ ਦੇਣ ਦੇ ਬਦਲੇ ਗੈਰ-ਕਾਨੂੰਨੀ ਤੌਰ ‘ਤੇ 20 ਲੱਖ ਇੰਡੀਅਨ ਰੁਪਏ ਦੇ ਪ੍ਰੀਮੀਅਮ ਦੀ ਮੰਗ ਕੀਤੀ ਸੀ, ਜਿਸ ਵਿੱਚੋਂ 15 ਲੱਖ ਰੁਪਏ (ਲਗਭਗ 30,000 ਨਿਊਜ਼ੀਲੈਂਡ ਡਾਲਰ) ਵਸੂਲ ਲਏ ਗਏ ਸਨ। ਇਸ ਤੋਂ ਇਲਾਵਾ, 22 ਮਾਰਚ 2023 ਤੋਂ ਪਹਿਲਾਂ ਕੀਤੇ ਗਏ ਕੰਮ ਦੀ ਸੈਲਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੰਮ ਦੇ ਘੰਟਿਆਂ ਦਾ ਕੋਈ ਅਧਿਕਾਰਤ ਰਿਕਾਰਡ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਕਾਮਿਨੀਬੇਨ ਵੈਲਿੰਗਟਨ ਸਥਿਤ Bliss Nails & Beauty ’ਚ ਕੰਮ ਕਰਦੀ ਸੀ, ਜਿੱਥੇ ਲੇਬਰ ਇੰਸਪੈਕਟਰ ਵੱਲੋਂ ਜਾਂਚ ਤੋਂ ਬਾਅਦ ਇਹ ਕੇਸ ਕੀਤਾ ਗਿਆ ਸੀ। ਕੰਪਨੀ ਹੁਣ Liquidation ’ਚ ਹੈ।
Labour Inspector ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਮਿਨੀਬੇਨ ਸੰਜੇਕੁਮਾਰ ਨਾਈ ਨਿਊਜ਼ੀਲੈਂਡ ’ਚ ਨਵੀਂ ਸੀ ਅਤੇ ਆਪਣੀ ਆਮਦਨ ਤੇ ਰਹਿਣ-ਸਹਿਣ ਲਈ ਪੂਰੀ ਤਰ੍ਹਾਂ ਮਾਲਕਾਂ ‘ਤੇ ਨਿਰਭਰ ਸੀ। Authority ਨੇ ਟਿੱਪਣੀ ਕੀਤੀ ਕਿ ਅਮਿਤਕੁਮਾਰ ਜਗਦੀਸ਼ਕੁਮਾਰ ਪਟੇਲ ਅਤੇ ਪ੍ਰਿਅੰਕਾਬੇਨ ਰਮੇਸ਼ਭਾਈ ਪਟੇਲ ਖੁਦ Immigration Services ’ਚ ਕੰਮ ਕਰਦੇ ਸਨ, ਜਿਸ ਕਰਕੇ ਉਹ ਰੁਜ਼ਗਾਰ ਕਾਨੂੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ, ਪਰ ਫਿਰ ਵੀ ਉਨ੍ਹਾਂ ਨੇ ਇੱਕ ਬੇਵੱਸ ਮਾਇਗਰੈਂਟ ਵਰਕਰ ਦਾ ਫਾਇਦਾ ਚੁੱਕਿਆ।
ਭਾਵੇਂ ਕੰਪਨੀ ਨੇ ਸਮਝੌਤੇ ਤਹਿਤ 30,000 ਡਾਲਰ ਦੀ ਪ੍ਰੀਮੀਅਮ ਰਾਸ਼ੀ ਅਤੇ 35,000 ਇੰਡੀਅਨ ਰੁਪਏ ਵਾਪਸ ਕਰ ਦਿੱਤੇ ਹਨ, ਪਰ ਕਾਨੂੰਨ ਦੀ ਉਲੰਘਣਾ ਲਈ Authority ਨੇ Shree Enterprises Limited ਨੂੰ 18,500 ਡਾਲਰ, ਅਮਿਤਕੁਮਾਰ ਜਗਦੀਸ਼ਕੁਮਾਰ ਪਟੇਲ ਨੂੰ 8,500 ਡਾਲਰ ਅਤੇ ਪ੍ਰਿਅੰਕਾਬੇਨ ਰਮੇਸ਼ਭਾਈ ਪਟੇਲ ਨੂੰ 3,500 ਡਾਲਰ ਦਾ ਜੁਰਮਾਨਾ 28 ਦਿਨਾਂ ਦੇ ਅੰਦਰ ਅਦਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।
