ਨਿਯਮਾਂ ਦੀ ‘ਜਾਣਕਾਰੀ ਨਾ ਹੋਣਾ’ ਮਹਿੰਗਾ ਪਿਆ ਆਕਲੈਂਡ ਦੇ ਮੇਅਰ ਨੂੰ, ਵਾਪਸ ਮੋੜਨੇ ਪਏ 1589 ਡਾਲਰ

Sea7 Nz Team
1 Min Read

ਮੈਲਬਰਨ: ਨਿਊਜ਼ਲੈਂਡ ਦੇ ਸਭ ਤੋਂ ਵੱਧ ਵੱਸੋਂ ਵਾਲੇ ਸ਼ਹਿਰ ਆਕਲੈਂਡ ਦੇ ਮੇਅਰ ਵੇਅਨ ਬਰਾਊਨ ਨੂੰ ਮਹਿੰਗੇ ਹਵਾਈ ਸਫ਼ਰ ਦਾ ਸ਼ੌਕ ਰਾਸ ਨਹੀਂ ਆ ਰਿਹਾ। ਕੌਂਸਲ ਦੇ ਕੰਮ ਲਈ ਆਸਟ੍ਰੇਲੀਆ ਜਾਣ ਦੌਰਾਨ ਹਵਾਈ ਸਫ਼ਰ ’ਚ ਵੇਅਨ ਨੇ ਹੱਦ ਤੋਂ ਵੱਧ ਖ਼ਰਚ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਵਾਧੂ ਖ਼ਰਚ ਕੀਤੇ 1589 ਡਾਲਰ ਮੋੜਨੇ ਪੈਣਗੇ।

ਦਰਅਸਲ ਕੌਂਸਲ ਨੇ 2018 ’ਚ ਨਿਯਮ ਬਣਾਇਆ ਸੀ ਕਿ ਇਸ ਤਰ੍ਹਾਂ ਦੇ ਸਫ਼ਰ ਲਈ ਸਿਰਫ਼ ਸਸਤੀ ਟਿਕਟ ’ਤੇ ਸਫ਼ਰ ਕੀਤਾ ਜਾ ਸਕਦਾ ਹੈ ਪਰ ਵੇਅਨ ਨੇ ਇਸ ਸਫ਼ਰ ਲਈ ਫ਼ਰਸਟ ਕਲਾਸ ਟਿਕਟ 2616 ਡਾਲਰ ’ਚ ਖ਼ਰੀਦਿਆ ਸੀ, ਜੋ ਨਿਯਮਾਂ ਦੀ ਉਲੰਘਣਾ ਹੈ। ਜਦਕਿ ਉਨ੍ਹਾਂ ਦੇ ਹੋਰ ਸਟਾਫ਼ ਨੇ ਇਸੇ ਸਫ਼ਰ ਲਈ 1000 ਡਾਲਰ ਖ਼ਰਚ ਕੀਤੇ ਸਨ।

ਮੇਅਰ ਦੇ ਦਫ਼ਤਰ ਨੇ ਵਾਧੂ ਖ਼ਰਚ ਕਰਨ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਅਰ ਨੂੰ ਇਸ ਨਿਯਮ ਬਾਰੇ ਜਾਣਕਾਰੀ ਨਹੀਂ ਸੀ। ਦਫ਼ਤਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਜਦੋਂ ਵੇਅਰ ਨੂੰ ਇਸ ਨਿਯਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਵੱਲੋਂ ਕੀਤਾ ਵਾਧੂ ਖ਼ਰਚ ਅਦਾ ਕਰਨ ਦਾ ਫੈਸਲਾ ਕੀਤਾ। ਵੇਅਨ ਨੇ ਸ਼ਹਿਰ ਦੀਆਂ ਬੰਦਰਗਾਹ ਕਾਰਵਾਈਆਂ ਦਾ ਨਿੱਜੀਕਰਨ ਕਰਨ ਲਈ ਮੈਲਬਰਨ ਦਾ ਦੌਰਾ ਕੀਤਾ ਸੀ। ਇਸ ਬਾਰੇ ਵੇਅਨ ਨੇ ਆਪਣੀ 10 ਸਾਲਾਂ ਦੀ ਯੋਜਨਾ ਨੂੰ ਬਜਟ ਪੇਸ਼ ਕੀਤਾ ਸੀ, ਜਿਸ ਬਾਰੇ ਚਰਚਾ ਅਗਲੇ ਸਾਲ ਹੋਵੇਗੀ।

Share This Article