ਵੈਲਿੰਗਟਨ : ਨਿਊਜ਼ੀਲੈਂਡ ਦੀ ਰਾਜਧਾਨੀ Wellington ਵਿੱਚ ਹਾਲ ਹੀ ’ਚ ਆਏ ਭਾਰੀ ਹੜ੍ਹ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਪ੍ਰਸ਼ਾਸਨ ਮੁਤਾਬਕ ਇਸ ਕੁਦਰਤੀ ਆਫ਼ਤ ਕਾਰਨ ਸ਼ਹਿਰ ਦੀਆਂ 1,800 ਤੋਂ ਵੱਧ ਪ੍ਰਾਪਰਟੀਜ਼ ਨੂੰ ਨੁਕਸਾਨ ਪਹੁੰਚਿਆ ਹੈ।
Wellington ਸਿਟੀ ਕੌਂਸਲ ਦੇ ਚੀਫ਼ ਐਗਜ਼ੀਕਿਊਟਿਵ Matt Prosser ਨੇ ਦੱਸਿਆ ਕਿ ਸਿਰਫ਼ 48 ਘੰਟਿਆਂ ਦੇ ਅੰਦਰ ਸ਼ਹਿਰ ਵਿੱਚ ਪੂਰੇ ਮਹੀਨੇ ਦੀ ਔਸਤ ਨਾਲੋਂ ਤਿੰਨ ਗੁਣਾ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ (landslides) ਦੀਆਂ ਘਟਨਾਵਾਂ ਵਾਪਰੀਆਂ। ਲਗਭਗ 700 ਘਰ ਚਿੱਕੜ ਅਤੇ ਮਲਬੇ ਦੀ ਲਪੇਟ ਵਿੱਚ ਆ ਗਏ। 40 ਦੇ ਕਰੀਬ ਲੋਕਾਂ ਦੇ ਘਰ ਰਹਿਣਯੋਗ ਨਹੀਂ ਰਹੇ ਅਤੇ ਉਨ੍ਹਾਂ ਨੂੰ ਅਸਥਾਈ ਰਿਹਾਇਸ਼ਾਂ ਵਿੱਚ ਭੇਜਿਆ ਗਿਆ ਹੈ।
ਸਭ ਤੋਂ ਵੱਧ ਨੁਕਸਾਨ Berhampore, Newtown, Island Bay, Vogeltown, Brooklyn, South Karori ਅਤੇ Ōwhiro Bay ’ਚ ਦੇਖਣ ਨੂੰ ਮਿਲਿਆ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਇੰਨੀ ਤੇਜ਼ੀ ਨਾਲ ਵਧਿਆ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ।
ਮੇਅਰ Andrew Little ਨੇ ਦੱਸਿਆ ਕਿ ਪੀੜਤਾਂ ਦੀ ਸਹਾਇਤਾ ਲਈ ਮੇਅਰਲ ਰਿਲੀਫ ਫੰਡ ਵਿੱਚ ਹੁਣ ਤੱਕ 256,000 ਡਾਲਰ ਤੋਂ ਵੱਧ ਦੀ ਰਕਮ ਜਮ੍ਹਾਂ ਹੋ ਚੁੱਕੀ ਹੈ। ਕੌਂਸਲ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਸਫਾਈ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਵੇਂ ਪ੍ਰਬੰਧਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
