ਆਕਲੈਂਡ : ਨਿਊਜ਼ੀਲੈਂਡ ’ਚ ਹਾਲ ਹੀ ਵਿੱਚ ਹੋਏ ਕੁਝ ਵੱਡੇ ਸੜਕ ਹਾਦਸਿਆਂ, ਜਿਨ੍ਹਾਂ ਵਿੱਚ Hong Kong ਦੇ ਸੈਲਾਨੀ ਸ਼ਾਮਲ ਸਨ, ਨੇ ਵਿਦੇਸ਼ੀ ਡਰਾਈਵਰਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਦੇਸ਼ ਦੇ ਸਭ ਤੋਂ ਖ਼ਤਰਨਾਕ ਹਾਦਸਿਆਂ ਲਈ ਬਾਹਰੋਂ ਆਏ ਲੋਕ ਜ਼ਿੰਮੇਵਾਰ ਹੁੰਦੇ ਹਨ, ਪਰ ਸਰਕਾਰੀ ਅੰਕੜੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ।
Ministry of Transport ਦੇ ਹਾਲੀਆ ਅੰਕੜਿਆਂ ਅਨੁਸਾਰ, 2024 ਵਿੱਚ ਦੇਸ਼ ਭਰ ਵਿੱਚ ਹੋਈਆਂ 292 ਸੜਕ ਮੌਤਾਂ ਵਿੱਚੋਂ ਸਿਰਫ਼ 18 ਮੌਤਾਂ (ਲਗਭਗ 6%) ਅਜਿਹੇ ਹਾਦਸਿਆਂ ਵਿੱਚ ਹੋਈਆਂ ਜਿਨ੍ਹਾਂ ਵਿੱਚ ਕੋਈ ਵਿਦੇਸ਼ੀ ਡਰਾਈਵਰ ਸ਼ਾਮਲ ਸੀ। The Press ਅਨੁਸਾਰ ਅਧਿਕਾਰੀਆਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਹਾਦਸੇ ’ਚ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਕਿ ਗਲਤੀ ਵਿਦੇਸ਼ੀ ਡਰਾਈਵਰ ਦੀ ਹੀ ਸੀ। ਸਿਰਫ਼ 0.7% ਮੌਤਾਂ ਅਜਿਹੇ ਮਾਮਲਿਆਂ ਵਿੱਚ ਹੋਈਆਂ ਜਿੱਥੇ ਕੋਈ ਬਾਹਰੀ ਡਰਾਈਵਰ ਇੱਥੋਂ ਦੇ ਹਾਲਾਤ ਮੁਤਾਬਕ ਆਪਣੀ ਡਰਾਈਵਿੰਗ ਨੂੰ ਨਹੀਂ ਢਾਲ ਸਕਿਆ। ਮਾਹਰਾਂ ਮੁਤਾਬਕ, ਵਿਦੇਸ਼ੀ ਡਰਾਈਵਰ ਵੀ ਉਹੀ ਗਲਤੀਆਂ ਕਰਦੇ ਹਨ ਜੋ ਆਮ ਤੌਰ ’ਤੇ ਸਥਾਨਕ ਨਿਊਜ਼ੀਲੈਂਡ ਦੇ ਡਰਾਈਵਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ।
ਅੰਕੜੇ ਦਸਦੇ ਹਨ ਕਿ Otago, Waikato, ਅਤੇ Canterbury ਵਰਗੇ ਪ੍ਰਮੁੱਖ ਟੂਰਿਸਟ ਇਲਾਕਿਆਂ ਵਿੱਚ ਵਿਦੇਸ਼ੀ ਡਰਾਈਵਰਾਂ ਨਾਲ ਜੁੜੇ ਹਾਦਸੇ ਸਭ ਤੋਂ ਵੱਧ ਹੁੰਦੇ ਹਨ। ਇਸ ਸਮੱਸਿਆ ਦੇ ਹੱਲ ਲਈ Tourism New Zealand ਅਤੇ Rental Vehicle Association ਮਿਲ ਕੇ ਕੰਮ ਕਰ ਰਹੇ ਹਨ। ਉਹ ਖਾਸ ਕਰਕੇ ਸੱਜੇ ਪਾਸੇ ਗੱਡੀ ਚਲਾਉਣ ਵਾਲੇ ਦੇਸ਼ਾਂ (Right-hand drive) ਤੋਂ ਆਉਣ ਵਾਲੇ ਸੈਲਾਨੀਆਂ ਨੂੰ ਕਈ ਭਾਸ਼ਾਵਾਂ ਵਿੱਚ ਸੜਕ ਸੁਰੱਖਿਆ ਨਿਯਮਾਂ ਦੀ ਸਿੱਖਿਆ ਦੇ ਰਹੇ ਹਨ ਤਾਂ ਜੋ ਸਾਰਿਆਂ ਦਾ ਸਫ਼ਰ ਸੁਰੱਖਿਅਤ ਰਹਿ ਸਕੇ।
