- Health NZ ਵੱਲੋਂ ਕੀਤੀਆਂ ਜਾਣਗੀਆਂ 380 ਨਵੀਆਂ ਭਰਤੀਆਂ
- ਨਰਸ-ਮਰੀਜ਼ ਅਨੁਪਾਤ ‘ਤੇ ਵੀ ਵਿਚਾਰ
ਔਕਲੈਂਡ : ਨਿਊਜ਼ੀਲੈਂਡ ਦੇ ਸਿਹਤ ਖੇਤਰ ’ਚ ਸੁਧਾਰ ਲਿਆਉਣ ਅਤੇ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲਈ Health NZ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਏਜੰਸੀ ਨੇ ਇਸ ਵਿੱਤੀ ਸਾਲ ਦੌਰਾਨ 380 ਨਵੀਆਂ ਫਰੰਟਲਾਈਨ ਨਰਸਿੰਗ, ਮਿਡਵਾਈਫਰੀ ਅਤੇ ਹੈਲਥ ਕੇਅਰ ਅਸਿਸਟੈਂਟ ਅਸਾਮੀਆਂ ਭਰਨ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ, ਦੇਸ਼ ਭਰ ’ਚ ਇੱਕ ਨਿਸ਼ਚਿਤ ਨਰਸ-ਮਰੀਜ਼ ਅਨੁਪਾਤ (nurse-to-patient ratio) ਲਾਗੂ ਕਰਨ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਇਨ੍ਹਾਂ ਨਵੀਆਂ 380 ਭਰਤੀਆਂ ’ਚੋਂ South Island ਨੂੰ 149, Northern region ਨੂੰ 120, Central region ਨੂੰ 76 ਅਤੇ Midland region ਨੂੰ 32 ਪੋਸਟਾਂ ਮਿਲਣਗੀਆਂ। ਸਰਦੀਆਂ ਦੌਰਾਨ ਹਸਪਤਾਲਾਂ ਅਤੇ ਖਾਸ ਕਰਕੇ ਐਮਰਜੈਂਸੀ ਵਿਭਾਗਾਂ (ED) ’ਤੇ ਵਧੇ ਦਬਾਅ ਨੂੰ ਘਟਾਉਣ ਲਈ ਲਗਭਗ 94 ਵਿਸ਼ੇਸ਼ ਅਸਾਮੀਆਂ ਤਾਇਨਾਤ ਕੀਤੀਆਂ ਜਾਣਗੀਆਂ।
Auckland ਦੇ North Shore Hospital ’ਚ ਬੋਲਦਿਆਂ Health NZ ਦੀ ਨੈਸ਼ਨਲ ਚੀਫ਼ ਨਰਸ Nadine Gray ਨੇ ਕਿਹਾ ਕਿ ਨਰਸਾਂ ਲੰਬੇ ਸਮੇਂ ਤੋਂ ਬਦਲਾਅ ਦੀ ਮੰਗ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ New Zealand Nurses Organisation (NZNO) ਅਤੇ Public Service Association (PSA) ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਅਧਿਐਨਾਂ ਅਨੁਸਾਰ ਨਰਸ-ਮਰੀਜ਼ ਅਨੁਪਾਤ ਤੈਅ ਕਰਨ ਨਾਲ ਮਰੀਜ਼ਾਂ ਦੀ ਸੁਰੱਖਿਆ ਅਤੇ ਸਟਾਫ਼ ਦੀ ਭਲਾਈ ’ਚ ਸੁਧਾਰ ਹੁੰਦਾ ਹੈ।
Health Minister Simeon Brown ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਮੌਜੂਦਾ Care Capacity Demand Management (CCDM) ਸਿਸਟਮ 20 ਸਾਲ ਪੁਰਾਣਾ ਹੈ ਅਤੇ ਅੱਜ ਦੀਆਂ ਲੋੜਾਂ ਮੁਤਾਬਕ ਢੁਕਵਾਂ ਨਹੀਂ ਹੈ। ਏਜੰਸੀ ਵੱਲੋਂ ਇੱਕ ਬਿਜ਼ਨਸ ਕੇਸ ਤਿਆਰ ਕੀਤਾ ਜਾ ਰਿਹਾ ਹੈ, ਜੋ ਅਗਲੇ ਸਾਲ ਪੂਰਾ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਅਨੁਪਾਤ ਲਾਗੂ ਕਰਨ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।
