ਔਕਲੈਂਡ : ਨਿਊਜ਼ੀਲੈਂਡ ਦੀ ਬਾਲ ਭਲਾਈ ਏਜੰਸੀ Oranga Tamariki ’ਚੋਂ ਲਗਭਗ 2 ਮਿਲੀਅਨ ਡਾਲਰ ਦਾ ਗਬਨ ਕਰਨ ਦੇ ਦੋਸ਼ ਹੇਠ ਜੇਲ੍ਹ ਕੱਟ ਰਹੀ ਸਾਬਕਾ ਸੀਨੀਅਰ ਮੈਨੇਜਰ ਨੇਹਾ ਸ਼ਰਮਾ ਨੂੰ Parole Board ਵੱਲੋਂ ਅਗਲੇ ਮਹੀਨੇ 11 ਨਵੰਬਰ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ।
Chemical Engineering ’ਚ PhD ਡਿਗਰੀ ਧਾਰਕ ਨੇਹਾ ਸ਼ਰਮਾ ਪਹਿਲਾਂ ਸਿੱਖਿਆ ਮੰਤਰਾਲੇ (Ministry of Education) ’ਚ ਕੰਮ ਕਰਦੀ ਸੀ। ਉੱਥੋਂ ਜਾਅਲੀ ਰੈਫਰੈਂਸਾਂ ਦੇ ਆਧਾਰ ’ਤੇ ਉਸ ਨੇ ਫਰਵਰੀ 2021 ’ਚ Oranga Tamariki ’ਚ ਉੱਚ ਅਹੁਦਾ ਹਾਸਲ ਕੀਤਾ ਅਤੇ ਸਿਸਟਮ ਦੀਆਂ ਖਾਮੀਆਂ ਦਾ ਫਾਇਦਾ ਉਠਾਉਂਦਿਆਂ ਆਪਣੇ ਪਤੀ ਅਮਨਦੀਪ ਸ਼ਰਮਾ ਨਾਲ ਮਿਲ ਕੇ ਇਸ ਵੱਡੇ ਘਪਲੇ ਨੂੰ ਅੰਜਾਮ ਦਿੱਤਾ। ਪਿਛਲੇ ਸਾਲ ਮਈ ’ਚ ਅਦਾਲਤ ਨੇ ਉਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ, ਜਿੱਥੇ ਜੱਜ Justice Jonathan Eaton ਨੇ ਉਸ ਦੇ ਵਤੀਰੇ ਨੂੰ ਬਹੁਤ ਗਿਣਿਆ-ਮਿਥਿਆ ਅਤੇ ਧੋਖੇਬਾਜ਼ ਕਰਾਰ ਦਿੱਤਾ ਸੀ।
ਪੈਰੋਲ ਬੋਰਡ ਸਾਹਮਣੇ ਪੇਸ਼ੀ ਦੌਰਾਨ ਨੇਹਾ ਸ਼ਰਮਾ ਕਾਫ਼ੀ ਭਾਵੁਕ ਨਜ਼ਰ ਆਈ ਅਤੇ ਉਸ ਨੇ ਹੰਝੂ ਵਹਾਉਂਦਿਆਂ ਆਪਣੇ ਕੀਤੇ ’ਤੇ ਪਛਤਾਵਾ ਜ਼ਾਹਰ ਕੀਤਾ। ਉਸ ਨੇ ਮੰਨਿਆ ਕਿ ਇਹ ਪੈਸਾ ਟੈਕਸਦਾਤਾਵਾਂ ਦਾ ਸੀ ਅਤੇ ਉਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਸੀ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਸੀ। ਉਸ ਨੇ ਇੰਡੀਆ ਭੇਜੇ ਗਏ ਕਰੀਬ 800,000 ਡਾਲਰ ਨੂੰ ਸਰਕਾਰ ਵੱਲੋਂ ਫਰੀਜ਼ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਇਹ ਰਕਮ ਵਾਪਸ ਕਰਨ ’ਤੇ ਸਹਿਮਤੀ ਪ੍ਰਗਟਾਈ।
ਸਮਾਜ ਵੱਲੋਂ ਮਿਲਣ ਵਾਲੀ ਨਫ਼ਰਤ ਅਤੇ ਬੁਰੇ ਵਤੀਰੇ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਹੁਣ ਉਹ ਪੂਰੀ ਤਰ੍ਹਾਂ ਨਿਮਰ ਬਣ ਕੇ ਰਹੇਗੀ ਅਤੇ ਆਪਣਾ ਪੂਰਾ ਧਿਆਨ ਸਿਰਫ਼ ਪਰਿਵਾਰ ਅਤੇ ਬੱਚਿਆਂ ’ਤੇ ਕੇਂਦਰਿਤ ਕਰੇਗੀ। ਬੋਰਡ ਨੇ ਉਸ ਦੇ ਸੁਧਾਰ ਅਤੇ ਘੱਟ ਖ਼ਤਰੇ ਦੀ ਰਿਪੋਰਟ ਨੂੰ ਦੇਖਦੇ ਹੋਏ ਕਰੀਬ ਅੱਧੀ ਸਜ਼ਾ ਪੂਰੀ ਹੋਣ ’ਤੇ ਉਸ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ ਹੈ।
