ਔਕਲੈਂਡ : ਨਿਊਜ਼ੀਲੈਂਡ ’ਚ ਇੱਕ ਇੰਡੀਅਨ ਰੈਸਟੋਰੈਂਟ ਵੱਲੋਂ ਆਪਣੇ ਪੰਜਾਬੀ ਵਰਕਰ ਦੇ ਸ਼ੋਸ਼ਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। Employment Relations Authority (ERA) ਨੇ ਪੰਜਾਬੀ ਕੁੱਕ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ, ਉਸ ਦੇ ਸਾਬਕਾ ਇੰਪਲੋਇਅਰ ਨੂੰ ਬਕਾਇਆ ਸੈਲਰੀ ਅਤੇ ਮੁਆਵਜ਼ੇ ਵਜੋਂ ਕੁੱਲ 2,42,437.80 ਡਾਲਰ ਤੋਂ ਵੱਧ ਦੀ ਰਕਮ ਅਦਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।
ਵਰਕ ਵੀਜ਼ਾ ’ਤੇ ਆਏ ਅੰਮ੍ਰਿਤਪਾਲ ਸਿੰਘ ਨੇ ਸਤੰਬਰ 2023 ’ਚ Blue Moon Sky Ltd (BMSL) ਦੇ ਅਧੀਨ ਚੱਲਦੇ Titirangi Indian Kitchen ਅਤੇ Ambrosia Bar and Restaurant ’ਚ ਬਤੌਰ ਕੁੱਕ ਕੰਮ ਸ਼ੁਰੂ ਕੀਤਾ ਸੀ। ਇਸ ਕੰਪਨੀ ਦਾ ਡਾਇਰੈਕਟਰ Dil Barala ਹੈ। ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਗਾਇਆ ਕਿ ਉਸ ਕੋਲੋਂ ਬਿਨਾਂ ਕਿਸੇ ਹਫ਼ਤਾਵਾਰੀ ਰੋਸਟਰ ਜਾਂ ਆਰਾਮ (ਬ੍ਰੇਕ) ਦੇ ਹਫ਼ਤੇ ’ਚ 70 ਘੰਟਿਆਂ ਤੋਂ ਵੱਧ ਕੰਮ ਕਰਵਾਇਆ ਜਾਂਦਾ ਸੀ। ਦੋ ਮਹੀਨਿਆਂ ਦੇ ਪੂਰੇ ਕਾਰਜਕਾਲ ਦੌਰਾਨ ਉਸ ਨੂੰ 2,29,390 ਡਾਲਰ ਦੀ ਬਜਾਏ ਸਿਰਫ਼ 40,442.20 ਡਾਲਰ ਸੈਲਰੀ ਦਿੱਤੀ ਗਈ।
ਨਵੰਬਰ 2025 ’ਚ ਜਦੋਂ ਅੰਮ੍ਰਿਤਪਾਲ ਸਿੰਘ ਨੇ ਆਪਣੀ ਘੱਟ ਸੈਲਰੀ ਅਤੇ ਜ਼ਿਆਦਾ ਕੰਮ ਦੇ ਘੰਟਿਆਂ ਬਾਰੇ ਆਵਾਜ਼ ਉਠਾਈ, ਤਾਂ Dil Barala ਨੇ ਉਸ ਨਾਲ ਸੰਪਰਕ ਤੋੜ ਲਿਆ ਅਤੇ ਬਿਨਾਂ ਕਿਸੇ ਨੋਟਿਸ ਦੇ ਉਸ ਨੂੰ ਕੰਮ ਤੋਂ ਕੱਢ ਦਿੱਤਾ। ਅਥਾਰਟੀ ਦੇ ਮੈਂਬਰ Simon Greening ਨੇ ਜਾਂਚ ਦੌਰਾਨ ਪਾਇਆ ਕਿ ਕੰਪਨੀ ਨੇ ਰੁਜ਼ਗਾਰ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਹਨ। BMSL ਅਤੇ Dil Barala ਵੱਲੋਂ ਅਥਾਰਟੀ ਸਾਹਮਣੇ ਕੋਈ ਵੀ ਸੈਲਰੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।
ਅਥਾਰਟੀ ਨੇ BMSL ਨੂੰ 28 ਦਿਨਾਂ ਦੇ ਅੰਦਰ ਅੰਮ੍ਰਿਤਪਾਲ ਸਿੰਘ ਨੂੰ ਬਕਾਇਆ ਤਨਖਾਹ ਦੇ 1,88,947.80 ਡਾਲਰ (ਸਮੇਤ ਵਿਆਜ), ਜਨਤਕ ਛੁੱਟੀਆਂ ਅਤੇ ਸਲਾਨਾ ਛੁੱਟੀਆਂ ਦੇ 33,490 ਡਾਲਰ, ਮਾਨਸਿਕ ਪ੍ਰੇਸ਼ਾਨੀ ਦਾ ਮੁਆਵਜ਼ਾ 9,000 ਡਾਲਰ ਅਤੇ ਕਾਨੂੰਨੀ ਉਲੰਘਣਾ ਦਾ ਜੁਰਮਾਨਾ 6,000 (ਅਤੇ 1,000 ਸਰਕਾਰ ਨੂੰ) ਦੇਣ ਦਾ ਹੁਕਮ ਸੁਣਾਇਆ ਹੈ। ਇਸ ਤੋਂ ਇਲਾਵਾ, ਡਾਇਰੈਕਟਰ Dil Barala ਨੂੰ ਨਿੱਜੀ ਤੌਰ ’ਤੇ 4,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ’ਚੋਂ 2,000 ਡਾਲਰ ਅੰਮ੍ਰਿਤਪਾਲ ਸਿੰਘ ਨੂੰ ਦਿੱਤੇ ਜਾਣਗੇ।
