ਔਕਲੈਂਡ : ਨਿਊਜ਼ੀਲੈਂਡ ’ਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੱਧਦੀ ਮਹਿੰਗਾਈ ਇੱਕ ਵੱਡਾ ਮੁੱਦਾ ਬਣ ਕੇ ਉੱਭਰੀ ਹੈ। South Auckland ਦੇ ਫੂਡ ਬੈਂਕਾਂ ਦੇ ਸੰਚਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ Pasifika ਭਾਈਚਾਰੇ ’ਚ ਗਰੀਬੀ ਲਗਾਤਾਰ ਡੂੰਘੀ ਹੋ ਰਹੀ ਹੈ। ਉੱਚੇ ਕਿਰਾਏ, ਰੋਜ਼ਾਨਾ ਦੀਆਂ ਵਧਦੀਆਂ ਕੀਮਤਾਂ ਅਤੇ ਕਰਜ਼ੇ ਦੇ ਬੋਝ ਕਾਰਨ ਪਰਿਵਾਰਾਂ ਨੂੰ ਬਿੱਲ ਭਰਨ ਜਾਂ ਆਪਣੇ ਬੱਚਿਆਂ ਦਾ ਪੇਟ ਭਰਨ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
RNZ ਨਾਲ ਗੱਲਬਾਤ ’ਚ Onehunga ਸਥਿਤ ਫੂਡ ਬੈਂਕ Vinnies Tāmaki Makaurau ਦੇ ਟ੍ਰਾਈਏਜ ਕੋਆਰਡੀਨੇਟਰ Henry Elliot ਨੇ ਦੱਸਿਆ ਕਿ ਪਹਿਲਾਂ ਲੋਕ ਤਿੰਨ ਮਹੀਨਿਆਂ ’ਚ ਇੱਕ ਵਾਰ ਮਦਦ ਲਈ ਆਉਂਦੇ ਸਨ, ਪਰ ਹੁਣ ਹਰ ਹਫ਼ਤੇ ਮਦਦ ਮੰਗਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਅਨੁਸਾਰ, Covid-19 ਮਹਾਂਮਾਰੀ ਤੋਂ ਬਾਅਦ ਖੁੱਸੀਆਂ ਨੌਕਰੀਆਂ ਅਤੇ ਸਰਕਾਰ ਵੱਲੋਂ benefits ’ਤੇ ਲਗਾਈਆਂ ਸਖ਼ਤ ਸ਼ਰਤਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।
Vinnies Tāmaki Makaurau ਦੀ ਜਨਰਲ ਮੈਨੇਜਰ Delphina Soti ਨੇ ਕਿਹਾ ਕਿ ਕਿਰਾਏ ’ਚ 9% ਅਤੇ ਮਹਿੰਗਾਈ ’ਚ 5% ਵਾਧਾ ਹੋਇਆ ਹੈ, ਪਰ ਲੋਕਾਂ ਦੀ ਆਮਦਨ ਉਸ ਹਿਸਾਬ ਨਾਲ ਨਹੀਂ ਵਧੀ। ਇਸੇ ਤਰ੍ਹਾਂ Māngere Budgeting Services Trust ਦੀ ਮੁਖੀ Lara Dolan ਨੇ ਖੁਲਾਸਾ ਕੀਤਾ ਕਿ ਪਿਛਲੇ ਦੋ ਸਾਲਾਂ ’ਚ ਭੋਜਨ ਦੀ ਮੰਗ 100% ਤੋਂ ਵੱਧ ਵਧੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਦਦ ਮੰਗਣ ਵਾਲਿਆਂ ’ਚ ਹੁਣ ਅਧਿਆਪਕ, ਬਿਲਡਰ ਅਤੇ ਸਿਹਤ ਕਰਮਚਾਰੀ ਵਰਗੇ ਕੰਮਕਾਜੀ ਲੋਕ ਵੀ ਸ਼ਾਮਲ ਹਨ।
Delphina Soti ਅਨੁਸਾਰ, ਸ਼ਰਮ (whakamā) ਅਤੇ ਆਵਾਜਾਈ ਦੀ ਘਾਟ ਕਾਰਨ ਲਗਭਗ 50% ਲੋੜਵੰਦ ਪਰਿਵਾਰ ਮਦਦ ਲੈਣ ਤੋਂ ਝਿਜਕਦੇ ਹਨ। ਹਾਲਾਂਕਿ, ਇਸ ਮੁਸ਼ਕਲ ਘੜੀ ’ਚ ਭਾਈਚਾਰਕ ਏਕਤਾ ਦੀ ਮਿਸਾਲ ਦਿੰਦੇ ਹੋਏ Pasifika ਨੌਜਵਾਨਾਂ ਨੇ ਲੋੜਵੰਦਾਂ ਲਈ 30,000 ਡਾਲਰ ਮੁੱਲ ਦੇ ਖਾਣ-ਪੀਣ ਵਾਲੇ ਡੱਬੇ (cans) ਇਕੱਠੇ ਕਰ ਕੇ ਇੱਕ ਨਵੀਂ ਉਮੀਦ ਜਗਾਈ ਹੈ।
