ਨਿਊਜ਼ੀਲੈਂਡ ’ਚ ਨਸਲੀ ਕੁੜੱਤਣ ਫੈਲਾਉਣ ਦੇ ਮਾਮਲੇ ’ਚ Brian Tamaki ਨੇ ਖੁਦ ਨੂੰ ਦੱਸਿਆ ਬੇਕਸੂਰ

Sea7 Nz Team
4 Min Read

ਔਕਲੈਂਡ: Destiny Church ਦੇ ਮੁਖੀ Brian Tamaki ਨੇ Manukau District Court ’ਚ ਨਿਊਜ਼ੀਲੈਂਡ ਅੰਦਰ ਨਸਲੀ ਕੁੜੱਤਣ ਫੈਲਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਖੁਦ ਨੂੰ ਬੇਕਸੂਰ ਦੱਸਿਆ ਹੈ। ਅਦਾਲਤ ਦੇ ਬਾਹਰ ਉਸ ਦੇ ਸਮਰਥਕਾਂ ਨੇ ‘ਬੋਲਣ ਦੀ ਆਜ਼ਾਦੀ’ ਦੇ ਹੱਕ ’ਚ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕੀਤਾ।

Brian Tamaki ਦੇ ਵਕੀਲ Ron Mansfield, KC ਨੇ ਅਦਾਲਤ ’ਚ Human Rights Act ਦੀ ਧਾਰਾ 131 ਤਹਿਤ ਲੱਗੇ ਤਿੰਨ ਦੋਸ਼ਾਂ ’ਚ ਉਨ੍ਹਾਂ ਵੱਲੋਂ ਬੇਕਸੂਰ ਹੋਣ ਦੀ ਦਲੀਲ ਪੇਸ਼ ਕੀਤੀ। ਇਹ ਮਾਮਲਾ ਇਸ ਸਾਲ ਜੂਨ ’ਚ Facebook ’ਤੇ ਕੀਤੀਆਂ ਗਈਆਂ ਇਤਰਾਜ਼ਯੋਗ ਅਤੇ ਅਪਮਾਨਜਨਕ ਪੋਸਟਾਂ ਨਾਲ ਸਬੰਧਤ ਹੈ। ਵਕੀਲ Ron Mansfield ਨੇ ਦੱਸਿਆ ਕਿ ਇਸ ਕੇਸ ਦੇ ਸਬੰਧ ’ਚ Official Information Act ਅਤੇ Privacy Act ਤਹਿਤ ਕਈ ਅਰਜ਼ੀਆਂ ਦਾਇਰ ਕੀਤੀਆਂ ਜਾਣਗੀਆਂ।

‘‘ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਹੋਈ ਕਾਰਵਾਈ’’

ਦੂਜੇ ਪਾਸੇ, Brian Tamaki ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਬੁਨਿਆਦ’ ਅਤੇ ‘ਸਿਆਸਤ ਤੋਂ ਪ੍ਰੇਰਿਤ’ ਕਰਾਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਾਰਵਾਈ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਹੋਈ ਹੈ। ਜੂਨ ’ਚ ਆਪਣੇ ਇੱਕ ਪੌਡਕਾਸਟ ਦੌਰਾਨ Tamaki ਨੇ ਨਰਿੰਦਰ ਮੋਦੀ ’ਤੇ ਇੰਡੀਆ ’ਚ ਈਸਾਈਆਂ ’ਤੇ ਜ਼ੁਲਮ ਕਰਨ ਦਾ ਦੋਸ਼ ਲਗਾਇਆ ਸੀ ਅਤੇ ਮਸਜਿਦਾਂ ਤੇ ਮੰਦਰਾਂ ਨੂੰ ਸਾੜਨ ਵਰਗੀ ਭੜਕਾਊ ਬਿਆਨਬਾਜ਼ੀ ਕੀਤੀ ਸੀ। ਹਾਲਾਂਕਿ, ਬਾਅਦ ’ਚ Ryan Bridge ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ।

ਪੁਲਿਸ ਅਧਿਕਾਰੀ Natalie Nelson ਅਨੁਸਾਰ, ਇਸ ਕਾਨੂੰਨ ਤਹਿਤ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। Attorney-General Chris Bishop ਨੇ ਸਪੱਸ਼ਟ ਕੀਤਾ ਕਿ ਸਿਆਸੀ ਦਖਲਅੰਦਾਜ਼ੀ ਤੋਂ ਬਚਣ ਲਈ ਉਨ੍ਹਾਂ ਨੇ ਇਸ ਫੈਸਲੇ ’ਚ ਹਿੱਸਾ ਨਹੀਂ ਲਿਆ, ਸਗੋਂ Solicitor-General ਵੱਲੋਂ ਕਾਰਵਾਈ ਦੀ ਮਨਜ਼ੂਰੀ ਦਿੱਤੀ ਗਈ ਹੈ।

‘‘‘ਮੇਰੀ ਲੜਾਈ ਸਿਰਫ਼ ਨਿਊਜ਼ੀਲੈਂਡ ’ਚ ਵਿਦੇਸ਼ੀ ਧਰਮਾਂ ਵਿਰੁੱਧ’’

ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ, Tamaki ਨੇ ਕਿਹਾ ਕਿ ਇਹ ਮੁਕੱਦਮਾ ਉਸ ’ਤੇ ਨਹੀਂ, ਸਗੋਂ “ਬੋਲਣ ਦੀ ਆਜ਼ਾਦੀ” ’ਤੇ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੀ ਲੜਾਈ ਨਿਊਜ਼ੀਲੈਂਡ ’ਚ ਵਿਦੇਸ਼ੀ ਧਰਮਾਂ ਵਿਰੁਧ ਹੈ ਅਤੇ ਉਹ ਨਸਲੀ ਵਿਤਕਰਾ ਨਹੀਂ ਕਰਦਾ। ਉਸ ਨੇ ਕਿਹਾ, ‘‘ਇਹ ਹਰ New Zealander ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਪਿਛਲੇ ਹਫ਼ਤੇ ਜਦੋਂ ਮੈਨੂੰ ਇਹ ਸੰਮਨ ਦਿੱਤਾ ਗਿਆ, ਤਾਂ ਸਾਡੇ ਲੋਕਤੰਤਰ ਨੇ ਇੱਕ ਖ਼ਤਰਨਾਕ ਮੋੜ ਲਿਆ। ਇਹ ਯਕੀਨੀ ਤੌਰ ’ਤੇ New Zealand ਦੀ ਜਨਤਾ ਲਈ ਬਹੁਤ ਵੱਡੀ ਚਿੰਤਾ ਦੀ ਗੱਲ ਹੈ। ਮੇਰਾ ਮੰਨਣਾ ਹੈ ਕਿ ਬੋਲਣ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ’ਤੇ ਹੁਣ ਸਾਡੀ ਸਰਕਾਰ ਅਤੇ ਪੁਲਿਸ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਇਤਿਹਾਸਕ ਮਾਮਲਾ ਸਾਬਤ ਹੋਵੇਗਾ।’’

ਦਿਵਾਲੀ ਮੌਕੇ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨ ਦੀ ਯੋਜਨਾ

ਜ਼ਿਕਰਯੋਗ ਹੈ ਕਿ Destiny Church ਵੱਲੋਂ ਇਸ ਮਹੀਨੇ ਦੇ ਅੰਤ ’ਚ ਦੀਵਾਲੀ ਦੇ ਜਸ਼ਨਾਂ ਵਾਲੇ ਦਿਨ ਆਕਲੈਂਡ ’ਚ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨ ਦੀ ਯੋਜਨਾ ਵੀ ਬਣਾਈ ਗਈ ਹੈ। ਹਾਲਾਂਕਿ Tamaki ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ Central Auckland ਵਿੱਚ ਆਪਣੇ Destiny Church ਦੇ ਸਮਰਥਕਾਂ ਦੀ ਰੈਲੀ ਲਈ 31 ਅਕਤੂਬਰ ਦੀ ਤਾਰੀਖ਼ ਜਾਣਬੁੱਝ ਕੇ ਸ਼ਹਿਰ ਦੇ ਸਾਲਾਨਾ Diwali Festival ਨਾਲ ਮੇਲ ਖਾਂਦੀ ਚੁਣੀ ਸੀ। ਉਸ ਨੇ ਕਿਹਾ, ‘‘ਅਸੀਂ 31 ਅਕਤੂਬਰ ਦਾ ਐਲਾਨ ਮੈਨੂੰ ਇਸ ਵੱਡੇ Diwali ਸਮਾਗਮ ਬਾਰੇ ਪਤਾ ਲੱਗਣ ਤੋਂ ਕਾਫ਼ੀ ਪਹਿਲਾਂ ਹੀ ਕਰ ਦਿੱਤਾ ਸੀ।’’

TAGGED:
Share This Article
Leave a Comment

Leave a Reply

Your email address will not be published. Required fields are marked *