- ਸਨਸਨੀਖੇਜ਼ ਖੁਲਾਸੇ ਨੇ ਚਰਚ ਅੰਦਰ ਚੱਲ ਰਹੇ ਕਥਿਤ ਬ੍ਰੇਨਵਾਸ਼ਿੰਗ ਵਾਲੇ ਮਾਹੌਲ ਦੀ ਪੋਲ ਖੋਲ੍ਹੀ
- DECULT 2026 ਕਾਨਫਰੰਸ ਤੋਂ ਪਹਿਲਾਂ, ਪੀੜਤਾਂ ਨੇ ਦੱਸੀ ਹੱਡਬੀਤੀ
ਔਕਲੈਂਡ : ਇੱਕ ਤਾਜ਼ਾ ਖੁਲਾਸੇ ਵਿੱਚ, Destiny Church ਦੇ ਇੱਕ ਸਾਬਕਾ ਪੈਰੋਕਾਰ ਵੱਲੋਂ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਪੀੜਤਾਂ ਦੀ ਇੱਕ ਰਿਸ਼ਤੇਦਾਰ ਨੇ ਇਸ ਧਾਰਮਿਕ ਸੰਸਥਾ ਨੂੰ ਇੱਕ ‘cult’ (ਕੱਟੜ ਪੰਥ) ਕਰਾਰ ਦਿੱਤਾ ਹੈ। ਔਰਤ, ਜਿਸਨੂੰ Brook ਦਾ ਨਾਮ ਦਿੱਤਾ ਗਿਆ ਹੈ, ਨੇ ਦੋਸ਼ ਲਾਇਆ ਹੈ ਕਿ ਇਹ ਸੰਸਥਾ ਜਾਣਬੁੱਝ ਕੇ ਕਮਜ਼ੋਰ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ।
NZ Herald ਨਾਲ ਇੱਕ ਮੁਲਾਕਾਤ ’ਚ Brook ਨੇ ਕਿਹਾ ਕਿ Destiny-aligned ਯੂਥ ਗਰੁੱਪ ਮੀਟਿੰਗਾਂ ਅਤੇ ਚਰਚ ਦੀਆਂ ਸੇਵਾਵਾਂ ਦੌਰਾਨ, ਸ਼ਰਧਾਲੂ ਅਕਸਰ ਸੰਸਥਾ ਦੇ ਨੇਤਾ Brian Tamaki ਨੂੰ “spiritual father” ਅਤੇ ਉਸ ਦੀ ਪਤਨੀ Hannah ਨੂੰ “spiritual mother” ਕਹਿ ਕੇ ਬੁਲਾਉਂਦੇ ਸਨ। ਉਸ ਦੇ ਦੋਵੇਂ ਰਿਸ਼ਤੇਦਾਰ ਆਖਰਕਾਰ ਆਪਣਾ ਘਰ ਛੱਡ ਕੇ ਉਸ ਯੂਥ ਲੀਡਰ ਨਾਲ ਰਹਿਣ ਚਲੇ ਗਏ, ਜਿੱਥੇ ਉਨ੍ਹਾਂ ਦਾ ਵਾਰ-ਵਾਰ ਸ਼ੋਸ਼ਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ ਪੈਰੋਕਾਰ Kiwa Hemi Tamati Edward Hamiora-Te Hira ਨੇ ਪੰਜ ਸਾਲਾਂ ਤੋਂ ਵੱਧ ਸਮੇਂ ’ਚ ਛੇ ਪੁਰਸ਼ ਪੀੜਤਾਂ ਨਾਲ ਸੈਂਕੜੇ ਵਾਰ ਜਿਨਸੀ ਸ਼ੋਸ਼ਣ ਕਰਨ ਦਾ ਗੁਨਾਹ ਕਬੂਲ ਕੀਤਾ ਹੈ।

ਸਾਲ 2023 ’ਚ ਜਦੋਂ ਇਸ ਸ਼ੋਸ਼ਣ ਦਾ ਪਰਦਾਫਾਸ਼ ਹੋਇਆ, ਤਾਂ Brook ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਕੱਟੜ ਸੰਸਥਾ ਵਿੱਚੋਂ ਬਾਹਰ ਕੱਢਣ ਲਈ ਭਾਰੀ ਸੰਘਰਸ਼ ਕਰਨਾ ਪਿਆ। ਹੁਣ ਉਹ ਇੱਕ cult awareness ਕਾਨਫਰੰਸ ’ਚ ਆਪਣੇ ਤਜ਼ਰਬੇ ਸਾਂਝੇ ਕਰਨ ਜਾ ਰਹੀ ਹੈ, ਤਾਂ ਜੋ ਉਹ ਦੂਜੇ ਲੋਕਾਂ ਨੂੰ ਅਜਿਹੇ ਧਾਰਮਿਕ ਸਮੂਹਾਂ ’ਚ ਸ਼ਾਮਲ ਹੋਣ ਤੋਂ ਪਹਿਲਾਂ “do your homework” (ਪੂਰੀ ਜਾਂਚ-ਪੜਤਾਲ ਕਰਨ) ਦੀ ਚੇਤਾਵਨੀ ਦੇ ਸਕੇ।
Brook ਨੇ ਕਿਹਾ ਕਿ ਦੋਸ਼ੀ ਨੂੰ ਸਜ਼ਾ ਮਿਲਣ ਤੋਂ ਬਾਅਦ ਉਸ ਨੇ ਅਤੀਤ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਅਤੇ ਇਹ ਉਸ ਲਈ ਇੱਕ ਵੱਡੀ ਆਜ਼ਾਦੀ ਹੈ। ਹਾਲਾਂਕਿ, ਉਸ ਨੇ ਇਸ ਗੱਲ ’ਤੇ ਡੂੰਘਾ ਦੁੱਖ ਪ੍ਰਗਟਾਇਆ ਕਿ Destiny Church ’ਚ ਜਿਨ੍ਹਾਂ ਬੱਚਿਆਂ ਦਾ ਸ਼ੋਸ਼ਣ ਹੋਇਆ ਸੀ, ਬੇਭਰੋਸਗੀ ਅਤੇ ਡਰ ਕਾਰਨ ਉਨ੍ਹਾਂ ਦੀਆਂ ਮਾਵਾਂ ਵਿਚਕਾਰ ਹੁਣ ਆਪਸ ’ਚ ਕੋਈ ਸੰਪਰਕ ਨਹੀਂ ਰਿਹਾ ਹੈ।
ਧਾਰਮਿਕ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਨੇ ਬਿਆਨ ਕੀਤਾ ਆਪਣਾ ਦਰਦ, Māori ਸੱਭਿਆਚਾਰ ਰਾਹੀਂ ਲੱਭੀ ਸ਼ਾਂਤੀ
Gloriavale ਅਤੇ Destiny Church ਵਰਗੇ ਧਾਰਮਿਕ ਭਾਈਚਾਰਿਆਂ ਦੇ ਦੋ ਸਾਬਕਾ ਮੈਂਬਰਾਂ ਨੇ ਧਾਰਮਿਕ ਸ਼ੋਸ਼ਣ ਤੋਂ ਬਾਅਦ ਆਪਣੀ ਜ਼ਿੰਦਗੀ, ਵਿਸ਼ਵਾਸ ਅਤੇ ਆਪਣੇ Māori ਸੱਭਿਆਚਾਰ ਨਾਲ ਦੁਬਾਰਾ ਜੁੜਨ ਦੀ ਕਹਾਣੀ ਸਾਂਝੀ ਕੀਤੀ ਹੈ। DECULT 2026 ਕਾਨਫਰੰਸ ਤੋਂ ਪਹਿਲਾਂ, ਇਨ੍ਹਾਂ ਪੀੜਤਾਂ ਨੇ ਦੱਸਿਆ ਕਿ ਕਿਵੇਂ ਔਖੇ ਸਮੇਂ ਤੋਂ ਬਾਅਦ ਵੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਜਾ ਸਕਦੀ ਹੈ।
Valiant Overcomer ਨੇ 14 ਸਾਲ ਦੀ ਉਮਰ ’ਚ Gloriavale ਛੱਡ ਦਿੱਤਾ ਸੀ। teaonews ਨਾਲ ਗੱਲਬਾਤ ’ਚਉਸ ਨੇ ਦੱਸਿਆ ਕਿ ਉੱਥੋਂ ਦੀ ਲੀਡਰਸ਼ਿਪ ਗੋਰੇ ਲੋਕਾਂ ਨੂੰ ਉੱਤਮ ਮੰਨਦੀ ਸੀ ਅਤੇ ਉਸ ਨੂੰ ਉਸ ਦੇ ਸੱਭਿਆਚਾਰ ਤੋਂ ਦੂਰ ਰੱਖਿਆ ਗਿਆ। 19 ਸਾਲ ਦੀ ਉਮਰ ’ਚ ਜਦੋਂ ਉਹ ਆਪਣੇ Māori ਭਾਈਚਾਰੇ ਨਾਲ ਜੁੜਿਆ, ਤਾਂ ਉਸ ਨੂੰ ਸੱਚੇ ਪਿਆਰ ਅਤੇ ਵਿਸ਼ਵਾਸ ਦਾ ਅਹਿਸਾਸ ਹੋਇਆ। ਉਸ ਦਾ ਕਹਿਣਾ ਹੈ ਕਿ ਭਾਵੇਂ ਉਹ ਅਜੇ ਵੀ ਪ੍ਰਮਾਤਮਾ ’ਚ ਵਿਸ਼ਵਾਸ ਰੱਖਦਾ ਹੈ, ਪਰ ਸੱਭਿਆਚਾਰ ਨਾਲ ਜੁੜਨ ਤੋਂ ਬਾਅਦ ਉਸ ਦਾ ਨਜ਼ਰੀਆ ਬਹੁਤ ਵਿਸ਼ਾਲ ਹੋ ਗਿਆ ਹੈ।
ਦੂਜੇ ਪਾਸੇ, Anahera ਨੇ 2017 ’ਚ Destiny Church ਨਾਲ ਜੁੜਨ ਦਾ ਫੈਸਲਾ ਕੀਤਾ ਸੀ ਕਿਉਂਕਿ ਉੱਥੇ ਕਈ Māori ਲੋਕ ਸਨ ਅਤੇ ਉਸ ਨੂੰ ਇਹ ਇੱਕ ਸੁਰੱਖਿਅਤ ਥਾਂ ਲੱਗੀ ਸੀ। ਪਰ ਜਲਦੀ ਹੀ ਉਸ ਨੂੰ ਚਰਚ ਦੀਆਂ ਨੀਤੀਆਂ ’ਚ ਕਮੀਆਂ ਨਜ਼ਰ ਆਉਣ ਲੱਗੀਆਂ। ਚਰਚ ਦੇ ਨੇਤਾ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਕਰ ਰਹੇ ਸਨ ਅਤੇ ਮਾਂ ਦੀ ਭੂਮਿਕਾ ਨੂੰ ਘੱਟ ਸਮਝਿਆ ਜਾ ਰਿਹਾ ਸੀ। Anahera ਨੇ ਚਰਚ ਵੱਲੋਂ ਪਵਿੱਤਰ haka ਦੀ ਗਲਤ ਵਰਤੋਂ ‘ਤੇ ਵੀ ਇਤਰਾਜ਼ ਜਤਾਇਆ ਅਤੇ ਆਖਰਕਾਰ ਚਾਰ ਸਾਲ ਬਾਅਦ ਚਰਚ ਛੱਡ ਦਿੱਤਾ।
Destiny Church ਦੇ ਲੀਡਰ Brian Tamaki ਅਤੇ ਪ੍ਰਬੰਧਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਮਾਪਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹਨ, ਜਦਕਿ Gloriavale ਵੱਲੋਂ ਕੋਈ ਟਿੱਪਣੀ ਨਹੀਂ ਆਈ। ਅੱਜ ਇਹ ਦੋਵੇਂ ਪੀੜਤ ਆਪਣੇ ਪਰਿਵਾਰਾਂ ਅਤੇ Te Whare Tapa Whā ਵਰਗੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਰਾਹੀਂ ਮਾਨਸਿਕ ਸ਼ਾਂਤੀ ਅਤੇ ਨਵੀਂ ਉਮੀਦ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।
Te Atatū Community Centre ਵਿਖੇ ਹੋਏ ਪ੍ਰਦਰਸ਼ਨ ਦੇ ਛੇ ਦੋਸ਼ੀਆਂ ਨੇ ਮੰਨਿਆ ਗੁਨਾਹ
Brian Tamaki ਵੱਲੋਂ ਸਥਾਪਿਤ Freedoms & Rights Coalition ਵੱਲੋਂ Te Atatū Community Centre ’ਚ ਕੀਤੇ ਇਕ ਪ੍ਰਦਰਸ਼ਨ ਦੇ ਮਾਮਲੇ ’ਚ ਵੀ ਅਪਡੇਟ ਸਾਹਮਣੇ ਆਇਆ ਹੈ। Auckland ’ਚ Te Atatū Community Centre ਵਿਖੇ ਇੱਕ ਬੱਚਿਆਂ ਦੇ drag ਇਵੈਂਟ ਦੌਰਾਨ ਹੋਏ ਹਿੰਸਕ ਪ੍ਰਦਰਸ਼ਨ ਦੇ ਮਾਮਲੇ ’ਚ ਸਾਰੇ ਛੇ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਆਖਰੀ ਮੁਲਜ਼ਮ Phineas Mann ਨੇ ਅਦਾਲਤੀ ਸੁਣਵਾਈ ਤੋਂ ਪਹਿਲਾਂ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਇਹ ਹਿੰਸਕ ਘਟਨਾ 15 ਫਰਵਰੀ 2025 ਨੂੰ ਵਾਪਰੀ ਸੀ, ਜਿਸ ਨੇ Auckland Pride ਅਤੇ Rainbow ਕਮਿਊਨਿਟੀ ’ਚ ਭਾਰੀ ਡਰ ਅਤੇ ਚਿੰਤਾ ਪੈਦਾ ਕੀਤੀ ਸੀ।
ਦੂਜੇ ਪਾਸੇ, Brian Tamaki ਨੇ ਦਾਅਵਾ ਕੀਤਾ ਹੈ ਕਿ Australian Border Force ਨੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਹੈ। Tamaki ਅਨੁਸਾਰ, ਉਸ ਨੂੰ Brisbane ਪਹੁੰਚਣ ‘ਤੇ ਲਗਭਗ 12 ਘੰਟੇ ਹਿਰਾਸਤ ’ਚ ਰੱਖਿਆ ਗਿਆ ਅਤੇ ਫਿਰ ਰਾਤ ਭਰ ਡਿਟੈਂਸ਼ਨ ’ਚ ਰੱਖਣ ਤੋਂ ਬਾਅਦ ਵਾਪਸ New Zealand ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਇਤਰਾਜ਼ਯੋਗ ਮੰਨਿਆ ਹੈ।
ਭਾਵੇਂ Brian Tamaki ‘ਤੇ ਸਿੱਧੇ ਤੌਰ ‘ਤੇ Te Atatū ਪ੍ਰਦਰਸ਼ਨ ਦੇ ਦੋਸ਼ ਨਹੀਂ ਹਨ, ਪਰ ਉਸ ਵੱਲੋਂ ਸਥਾਪਿਤ Freedoms & Rights Coalition ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੇ ਕਾਨੂੰਨੀ ਨਤੀਜੇ ਹੁਣ ਆਪਣੇ ਅੰਤਿਮ ਪੜਾਅ ‘ਤੇ ਹਨ।
