ਔਕਲੈਂਡ : New Zealand ’ਚ ਪੱਕੇ ਤੌਰ ‘ਤੇ ਵਸਣ ਦਾ ਸੁਪਨਾ ਦੇਖ ਰਹੀ ਇੱਕ 26 ਸਾਲ ਦੀ Indian ਮਹਿਲਾ ਦੀਆਂ ਉਮੀਦਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਪਤੀ ਵੱਲੋਂ ਪੁਰਾਣੇ ਸਮੇਂ ’ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਕਾਰਨ ਉਸ ਦੀ ਰੈਜ਼ੀਡੈਂਸੀ (PR) ਐਪਲੀਕੇਸ਼ਨ ਰੱਦ ਕਰ ਦਿੱਤੀ ਗਈ। ਮਹਿਲਾ ਨੇ ਖਦਸ਼ਾ ਜਤਾਇਆ ਹੈ ਕਿ ਜੇਕਰ ਉਸ ਨੂੰ ਵਾਪਸ India ਭੇਜਿਆ ਗਿਆ ਤਾਂ ਉਸ ਦਾ ਵਿਆਹੁਤਾ ਜੀਵਨ ਖਤਮ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ, ਮਹਿਲਾ ਦੇ ਪਤੀ ਨੂੰ ਮਾਰਚ 2022 ’ਚ Skilled Migrant ਸ਼੍ਰੇਣੀ ਤਹਿਤ New Zealand ਦੀ PR ਮਿਲੀ ਸੀ। ਪਰ ਸਿਰਫ਼ 15 ਦਿਨਾਂ ਬਾਅਦ ਹੀ ਉਹ ਨਿਰਧਾਰਤ ਸੀਮਾ ਤੋਂ ਦੁੱਗਣੀ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਅਦਾਲਤ ਨੇ ਉਸ ਨੂੰ 800 ਡਾਲਰ ਦਾ ਜੁਰਮਾਨਾ ਅਤੇ 28 ਦਿਨਾਂ ਲਈ ਡਰਾਈਵਿੰਗ ਤੋਂ ਅਯੋਗ ਕਰਾਰ ਦਿੱਤਾ। ਨਿਯਮਾਂ ਮੁਤਾਬਕ PR ਮਿਲਣ ਦੇ ਦੋ ਸਾਲਾਂ ਦੇ ਅੰਦਰ ਅਜਿਹਾ ਗੰਭੀਰ ਅਪਰਾਧ ਕਰਨ ਕਰਕੇ ਉਸ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਗਈ।
ਇਸ ਤੋਂ ਬਾਅਦ ਫਰਵਰੀ 2024 ’ਚ ਉਸ ਨੇ India ਜਾ ਕੇ ਅਰੇਂਜਡ ਮੈਰਿਜ ਕੀਤੀ ਅਤੇ ਅਪ੍ਰੈਲ ’ਚ ਪਤਨੀ ਨੂੰ New Zealand ਲੈ ਆਇਆ। ਜਦੋਂ ਪਤਨੀ ਨੇ ਫਰਵਰੀ 2025 ’ਚ PR ਲਈ ਅਰਜ਼ੀ ਦਿੱਤੀ, ਤਾਂ Immigration New Zealand (INZ) ਨੇ ਇਸ ਨੂੰ ਰੱਦ ਕਰ ਦਿੱਤਾ ਕਿਉਂਕਿ ਡਿਪੋਰਟੇਸ਼ਨ ਦੀ ਕਾਰਵਾਈ ਅਧੀਨ ਹੋਣ ਕਾਰਨ ਪਤੀ ਉਸ ਦੀ ਅਰਜ਼ੀ ਨੂੰ ਸਪਾਂਸਰ ਕਰਨ ਦੇ ਯੋਗ ਨਹੀਂ ਸੀ।
ਮਹਿਲਾ ਨੇ Immigration and Protection Tribunal (IPT) ’ਚ ਅਪੀਲ ਕਰਦਿਆਂ ਦਲੀਲ ਦਿੱਤੀ ਕਿ ਰਵਾਇਤੀ Sikh ਪਰਿਵਾਰ ਨਾਲ ਸਬੰਧਤ ਹੋਣ ਕਾਰਨ India ਵਾਪਸ ਜਾਣ ‘ਤੇ ਉਸ ਨੂੰ ਸਮਾਜਿਕ ਬਦਨਾਮੀ, ਪਰਿਵਾਰਕ ਕਲੇਸ਼ ਅਤੇ ਦੂਜੇ ਵਿਆਹ ਦੇ ਦਬਾਅ ਦਾ ਸਾਹਮਣਾ ਕਰਨਾ ਪਵੇਗਾ।
ਹਾਲਾਂਕਿ, ਟ੍ਰਿਬਿਊਨਲ ਮੈਂਬਰ A M Clayton ਨੇ ਸਬੂਤਾਂ ਦੀ ਘਾਟ ਕਾਰਨ ਅਪੀਲ ਖਾਰਜ ਕਰ ਦਿੱਤੀ। ਟ੍ਰਿਬਿਊਨਲ ਨੇ ਸਪੱਸ਼ਟ ਕੀਤਾ ਕਿ ਪਤੀ ਦੀ ਡਿਪੋਰਟੇਸ਼ਨ ਮਾਰਚ 2028 ਤੱਕ ਮੁਅੱਤਲ ਹੈ ਅਤੇ ਉਸ ਤੋਂ ਬਾਅਦ ਉਹ ਪਤਨੀ ਦੀ ਅਰਜ਼ੀ ਦਾ ਸਮਰਥਨ ਕਰ ਸਕਦਾ ਹੈ। ਮਹਿਲਾ ਕੋਲ ਫਿਲਹਾਲ ਅਕਤੂਬਰ 2026 ਤੱਕ ਸਟੂਡੈਂਟ ਵੀਜ਼ਾ ਹੈ ਅਤੇ ਉਹ ਹੋਰ ਆਰਜ਼ੀ ਵੀਜ਼ੇ ਲਈ ਅਪਲਾਈ ਕਰ ਸਕਦੀ ਹੈ। A M Clayton ਨੇ ਕਿਹਾ ਕਿ ਪਤੀ ਨੂੰ ਪਹਿਲਾਂ ਹੀ ਕਾਨੂੰਨੀ ਰਾਹਤ ਮਿਲ ਚੁੱਕੀ ਹੈ ਅਤੇ ਹੁਣ ਉਸ ਨੂੰ ਆਪਣੇ ਗੰਭੀਰ ਅਪਰਾਧ ਦੇ ਨਤੀਜੇ ਭੁਗਤਣੇ ਪੈਣਗੇ।
