- ਡਿਪੋਰਟ ਹੋਣ ਦੇ ਬਾਵਜੂਦ ਇੰਪਲੋਈ ਦਿਲੀਪ ਕੁਮਾਰ ਪਟੇਲ ਨੂੰ ਮਿਲੇਗਾ 28,000 ਡਾਲਰ ਤੋਂ ਵੱਧ ਦਾ ਮੁਆਵਜ਼ਾ
ਔਕਲੈਂਡ : New Zealand ਦੀ Employment Relations Authority (ERA) ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ Auckland ਸਥਿਤ Super Spice and Grocery ਦੀ ਮਾਲਕ ਕੰਪਨੀ Devanshi Enterprise Limited ਨੂੰ ਆਪਣੇ ਸਾਬਕਾ ਇੰਪਲੋਈ ਦਿਲੀਪ ਕੁਮਾਰ ਪਟੇਲ ਨੂੰ 28,288 ਡਾਲਰ ਤੋਂ ਵੱਧ ਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਹਨ।
18 ਨਵੰਬਰ 2026 ਨੂੰ ਜਾਰੀ ਫੈਸਲੇ ਅਨੁਸਾਰ, ਦਿਲੀਪ ਕੁਮਾਰ ਪਟੇਲ ਅਪ੍ਰੈਲ 2023 ਤੋਂ Accredited Employer Work Visa (AEWV) ’ਤੇ ਅਸਿਸਟੈਂਟ ਸਟੋਰ ਮੈਨੇਜਰ ਵਜੋਂ ਕੰਮ ਕਰ ਰਹੇ ਸਨ। ਜਨਵਰੀ 2025 ’ਚ ਕੰਪਨੀ ਦੇ ਪਤੇ ’ਤੇ ਉਨ੍ਹਾਂ ਦੇ ਨਾਮ ਦੋ ਪਾਰਸਲ ਆਏ, ਜਿਨ੍ਹਾਂ ’ਚ ਬਿਨਾਂ ਐਲਾਨਿਆ ਤੰਬਾਕੂ ਸੀ। New Zealand Customs Service ਵੱਲੋਂ ਇਹ ਸਾਮਾਨ ਜ਼ਬਤ ਕਰ ਲਿਆ ਗਿਆ। ਇਸ ਮਾਮਲੇ ’ਚ 8 ਅਪ੍ਰੈਲ 2025 ਨੂੰ ਉਨ੍ਹਾਂ ਨੂੰ ਗੰਭੀਰ ਦੁਰਵਿਵਹਾਰ ਦੇ ਦੋਸ਼ ਹੇਠ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ERA ਦੀ ਮੈਂਬਰ Helen van Druten ਨੇ ਪਾਇਆ ਕਿ ਭਾਵੇਂ ਨੌਕਰੀ ਤੋਂ ਕੱਢਣ ਦਾ ਕਾਰਨ ਜਾਇਜ਼ ਸੀ, ਪਰ ਕੰਪਨੀ ਨੇ ਸਹੀ ਕਾਨੂੰਨੀ ਪ੍ਰਕਿਰਿਆ ਨਹੀਂ ਅਪਣਾਈ। ਮਾਮਲੇ ’ਚ ਲਗਭਗ ਦੋ ਮਹੀਨਿਆਂ ਦੀ ਦੇਰੀ ਕੀਤੀ ਗਈ ਅਤੇ ਕਰਮਚਾਰੀ ਨੂੰ ਲਿਖਤੀ ਦੋਸ਼ ਪੱਤਰ ਜਾਂ ਆਪਣਾ ਪੱਖ ਰੱਖਣ ਲਈ ਢੁਕਵਾਂ ਮੌਕਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ, ਕੰਪਨੀ ਵੱਲੋਂ ਸਮੇਂ ਸਿਰ ਸੈਲਰੀ ਅਤੇ ਛੁੱਟੀਆਂ ਦੇ ਪੈਸੇ ਵੀ ਨਹੀਂ ਦਿੱਤੇ ਗਏ।
Authority ਨੇ ਕੰਪਨੀ ਨੂੰ 24,163.10 ਡਾਲਰ ਬਕਾਇਆ ਸੈਲਰੀ, ਪਬਲਿਕ ਹਾਲੀਡੇਅ ਅਤੇ ਸਾਲਾਨਾ ਛੁੱਟੀਆਂ (ਵਿਆਜ ਸਮੇਤ) ਅਤੇ 4,125 ਡਾਲਰ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ। ਨੌਕਰੀ ਜਾਣ ਤੋਂ ਬਾਅਦ ਬਿਨਾਂ ਜਾਇਜ਼ ਵੀਜ਼ੇ ਦੇ ਕੰਮ ਕਰਨ ਕਾਰਨ ਦਿਲੀਪ ਕੁਮਾਰ ਪਟੇਲ ਨੂੰ ਅਗਸਤ 2025 ’ਚ ਡਿਪੋਰਟ ਕਰ ਦਿੱਤਾ ਗਿਆ ਸੀ। ਕਿਉਂਕਿ Devanshi Enterprise Limited ਅਗਸਤ 2026 ’ਚ ਲਿਕੁਇਡੇਸ਼ਨ ’ਚ ਚਲੀ ਗਈ ਹੈ, ਇਸ ਲਈ ਕੰਪਨੀ ਦੇ ਡਾਇਰੈਕਟਰ Rushi Nayak ਨੂੰ ਬਕਾਇਆ ਰਕਮ ਦੀ ਅਦਾਇਗੀ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
