ਔਕਲੈਂਡ : ਨਿਊਜ਼ੀਲੈਂਡ ’ਚ ACT Party ਨੇ ਚੋਣਾਂ ਜਿੱਤਣ ਦੀ ਸੂਰਤ ’ਚ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੀ ਇਮੀਗ੍ਰੇਸ਼ਨ ਬੁਲਾਰਾ ਡਾ. ਪਰਮਜੀਤ ਪਰਮਾਰ ਅਨੁਸਾਰ, ਮੌਜੂਦਾ Permanent Resident Visa ਸ਼੍ਰੇਣੀ ਨੂੰ ਖ਼ਤਮ ਕਰ ਕੇ ਰੈਜ਼ੀਡੈਂਟਸ ਵੀਜ਼ਾ ਵਾਲਿਆਂ ਲਈ ਦੇਸ਼ ’ਚ ਮੌਜੂਦ ਰਹਿਣਾ ਲਾਜ਼ਮੀ ਕੀਤਾ ਜਾਵੇਗਾ।
ਇਸ ਨਵੀਂ ਤਜਵੀਜ਼ ਅਧੀਨ ਮੁੱਖ ਨੁਕਤੇ ਹੇਠ ਲਿਖੇ ਹਨ:
- ਯਾਤਰਾ ਸ਼ਰਤਾਂ: ਮੌਜੂਦਾ 2 ਸਾਲਾਂ ਦੀ ਯਾਤਰਾ ਸ਼ਰਤ ਦੀ ਥਾਂ Resident Visa ਧਾਰਕਾਂ ਨੂੰ 5 ਸਾਲਾਂ ਦੀ ਟ੍ਰੈਵਲ ਫੈਸਿਲਿਟੀ ਦਿੱਤੀ ਜਾਵੇਗੀ।
- 730 ਦਿਨਾਂ ਦੀ ਸ਼ਰਤ: ਵੀਜ਼ਾ ’ਤੇ ਯਾਤਰਾ ਅਧਿਕਾਰ ਬਰਕਰਾਰ ਰੱਖਣ ਲਈ ਹਰ 5 ਸਾਲਾਂ ਦੇ ਦੌਰਾਨ ਘੱਟੋ-ਘੱਟ 2 ਸਾਲ (730 ਦਿਨ) ਨਿਊਜ਼ੀਲੈਂਡ ’ਚ ਰਹਿਣਾ ਜ਼ਰੂਰੀ ਹੋਵੇਗਾ। ਇਹ ਦਿਨ ਲਗਾਤਾਰ ਹੋਣੇ ਜ਼ਰੂਰੀ ਨਹੀਂ ਹਨ।
- ਬਿਨਾਂ ਸ਼ਰਤ ਐਂਟਰੀ ਦਾ ਖ਼ਾਤਮਾ: ਦੇਸ਼ ’ਚੋਂ ਆਉਣ-ਜਾਣ ਦੇ ਬੇਰੋਕ ਅਤੇ ਅਣਮਿੱਥੇ ਅਧਿਕਾਰ ਨੂੰ ਖ਼ਤਮ ਕੀਤਾ ਜਾਵੇਗਾ।
- ਛੋਟਾਂ: ਨਿਊਜ਼ੀਲੈਂਡ ਦੇ ਅਦਾਰਿਆਂ ਲਈ ਵਿਦੇਸ਼ ਕੰਮ ਕਰ ਰਹੇ ਵਰਕਰਾਂ, ਫੌਜੀ ਜਵਾਨਾਂ, ਅਤੇ ਨਾਗਰਿਕ ਜੀਵਨ ਸਾਥੀ (citizen spouse) ਵਾਲਿਆਂ ਨੂੰ ਕੁਝ ਖ਼ਾਸ ਛੋਟਾਂ ਮਿਲਣਗੀਆਂ।
ਪਰਮਾਰ ਨੇ ਕਿਹਾ ਕਿ ਇਹ ਮਾਡਲ ਆਸਟ੍ਰੇਲੀਆ, ਕੈਨੇਡਾ, ਅਤੇ ਸਿੰਗਾਪੁਰ ਵਾਂਗ ਨਿਯਮਾਂ ਨੂੰ ਲਾਗੂ ਕਰੇਗਾ ਤਾਂ ਜੋ ਪੱਕੀ ਰਿਹਾਇਸ਼ ਅਤੇ ਨਾਗਰਿਕਤਾ ਵਿਚਲਾ ਫ਼ਰਕ ਸਪਸ਼ਟ ਹੋ ਸਕੇ।
